ਰਾਜੀਵ ਕੁਮਾਰ ਕੋਲੋਂ ਅੱਜ ਦੂਜੇ ਦਿਨ ਪੁੱਛਗਿੱਛ, ਤ੍ਰਿਣਮੂਲ ਸਾਂਸਦ ਵੀ ਤਲਬ

02/10/2019 9:47:22 AM

ਸ਼ਿਲਾਂਗ— ਸ਼ਾਰਦਾ ਚਿੱਟ ਫੰਡ ਘੋਟਾਲੇ ਵਿਚ ਅੱਜ ਦੂਜੇ ਦਿਨ ਵੀ ਕੋਲਕਾਤਾ ਪੁਲਸ ਕਮਿਸ਼ਨਰ ਰਾਜੀਵ ਕੁਮਾਰ ਕੋਲੋਂ ਪੁੱਛਗਿੱਛ ਹੋਵੇਗੀ।ਸੀ. ਬੀ. ਆਈ. ਨੇ ਤ੍ਰਿਣਮੂਲ ਸਾਂਸਦ ਕੁਨਾਲ ਘੋਸ਼ ਨੂੰ ਵੀ ਸ਼ਿਲਾਂਗ ਦਫਤਰ ਤਲਬ ਕੀਤਾ ਹੈ।ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਰਾਜੀਵ ਕੁਮਾਰ ਕੋਲੋਂ ਸੀ. ਬੀ. ਆਈ. ਦੇ ਅਫਸਰਾਂ ਨੇ ਕਰੀਬ 10 ਘੰਟੇ ਪੁੱਛਗਿੱਛ ਕੀਤੀ ਸੀ।ਸਵਾਲ-ਜਵਾਬ ਕੀ ਹੋਏ ਸੀ. ਬੀ. ਆਈ. ਨੇ ਅਜੇ ਇਸ ਦਾ ਖੁਲਾਸਾ ਨਹੀਂ ਕੀਤਾ ਹੈ।
ਕੁਮਾਰ 'ਤੇ ਇਲਜ਼ਾਮ ਹਨ ਕਿ ਸ਼ਾਰਦਾ ਚਿੱਟ ਫੰਡ ਘੋਟਾਲੇ ਦੀ ਜਾਂਚ ਲਈ ਬਣੀ ਸਪੈਸ਼ਲ ਜਾਂਚ ਟੀਮ (ਐੱਸ. ਆਈ. ਟੀ.) ਦੇ ਮੁਖੀ ਰਹਿੰਦੇ ਹੋਏ ਉਨ੍ਹਾਂ ਨੇ ਸਬੂਤਾਂ ਨੂੰ ਨਸ਼ਟ ਕੀਤਾ ਹੈ। ਸ਼ਾਰਦਾ ਘੋਟਾਲੇ ਦੀ ਜਾਂਚ ਲਈ 2013 ਵਿਚ ਐੱਸ. ਆਈ. ਟੀ. ਬਣਾਈ ਗਈ ਸੀ, ਜਿਸ ਦੇ ਮੁਖੀ ਰਾਜੀਵ ਕੁਮਾਰ ਸਨ।2014 ਵਿਚ ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਜਾਂਚ ਦਾ ਜਿੰਮਾ ਸੀ. ਬੀ. ਆਈ. ਨੂੰ ਦੇ ਦਿੱਤਾ ਸੀ ਕਿਉਂਕਿ ਇਸ ਘੋਟਾਲੇ ਨਾਲ ਸਭ ਤੋਂ ਵੱਧ ਜੋ ਸੂਬੇ ਪ੍ਰਭਾਵਿਤ ਹੋਏ ਉਨ੍ਹਾਂ ਵਿਚ ਪੱਛਮੀ ਬੰਗਾਲ ਦੇ ਇਲਾਵਾ ਓਡੀਸ਼ਾ, ਅਸਾਮ, ਝਾਰਖੰਡ ਅਤੇ ਤ੍ਰਿਪੁਰਾ ਵੀ ਸ਼ਾਮਲ ਹਨ।
 

ਕੀ ਹੈ ਸ਼ਾਰਦਾ ਚਿੱਟ ਫੰਡ ਘੋਟਾਲਾ
ਸ਼ਾਰਦਾ ਘੋਟਾਲਾ ਪੱਛਮੀ ਬੰਗਾਲ ਤੇ ਮਮਤਾ ਬੈਨਰਜੀ ਦੀ ਪਾਰਟੀ 'ਤੇ ਲੱਗਾ ਤਕਰੀਬਨ 5 ਤੋਂ 6 ਸਾਲ ਪੁਰਾਣਾ ਦਾਗ ਹੈ, ਜਿਸ ਨੂੰ ਉਹ ਅਤੇ ਉਨ੍ਹਾਂ ਦੀ ਪਾਰਟੀ ਅੱਜ ਵੀ ਨਹੀਂ ਧੋ ਸਕੀ ਹੈ। ਇਸ ਨੂੰ ਸੂਬੇ ਦੇ ਸਭ ਤੋਂ ਵੱਡੇ ਆਰਥਿਕ ਘੋਟਾਲੇ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਚਿੱਟ ਫੰਡ 'ਚ ਘੋਟਾਲਾ ਸਾਹਮਣੇ ਆਉਣ ਮਗਰੋਂ ਟੀ. ਐੱਮ. ਸੀ. ਦੇ ਕਈ ਵੱਡੇ ਨੇਤਾਵਾਂ ਦੇ ਨਾਮ ਵੀ ਇਸ ਨਾਲ ਜੁੜੇ।
ਸ਼ਾਰਦਾ ਗਰੁੱਪ ਨੇ ਲੋਕਾਂ ਨੂੰ ਭਾਰੀ ਫਾਇਦਾ ਦੇਣ ਦੇ ਨਾਮ 'ਤੇ ਉਨ੍ਹਾਂ ਕੋਲੋਂ ਸਕੀਮਾਂ 'ਚ ਪੈਸੇ ਜਮ੍ਹਾ ਕਰਵਾਏ। ਘੋਟਾਲੇ ਦਾ ਖੁਲਾਸਾ ਹੋਣ ਮਗਰੋਂ ਜਦੋਂ ਏਜੰਟਾਂ ਕੋਲੋਂ ਲੋਕਾਂ ਨੇ ਪੈਸੇ ਮੰਗਣੇ ਸ਼ੁਰੂ ਕੀਤੇ ਤਾਂ ਕਈ ਏਜੰਟਾਂ ਨੇ ਜਾਨ ਤਕ ਦੇ ਦਿੱਤੀ। ਇਹ ਮਾਮਲਾ ਨਾ ਸਿਰਫ ਪੱਛਮੀ ਬੰਗਾਲ ਤਕ ਸੀਮਤ ਸੀ ਸਗੋਂ ਅਸਾਮ, ਓਡੀਸ਼ਾ ਤਕ ਦੇ ਲੋਕ ਵੀ ਠੱਗੀ ਦਾ ਸ਼ਿਕਾਰ ਹੋਏ ਕਿਉਂਕਿ ਸ਼ਾਰਦਾ ਗਰੁੱਪ ਦੀਆਂ ਕੰਪਨੀਆਂ ਨੇ ਇੱਥੇ ਵੀ ਚਿੱਟ ਫੰਡ ਦੇ ਨਾਮ 'ਤੇ ਲੋਕਾਂ ਕੋਲੋਂ ਪੈਸੇ ਜਮ੍ਹਾ ਕਰਵਾਏ ਸਨ। ਇਹ ਘੋਟਾਲਾ ਇੰਨਾ ਵੱਡਾ ਸੀ ਕਿ ਇਸ 'ਚ 40 ਹਜ਼ਾਰ ਕਰੋੜ ਰੁਪਏ ਦੀ ਹੇਰਾ-ਫੇਰੀ ਕੀਤੀ ਗਈ।


Related News