ਪਤੀ ਨੇ ਪਤਨੀ ਨੂੰ ਪ੍ਰੇਮੀ ਨਾਲ ਦੇਖਿਆ, ਹੰਗਾਮੇ ਦੌਰਾਨ ਚੱਲੇ ਚਾਕੂ

02/17/2018 6:00:17 PM

ਨਵੀਂ ਦਿੱਲੀ— ਦਿੱਲੀ ਦੇ ਪਹਾੜਗੰਜ 'ਚ ਇਕ ਔਰਤ ਦੇ ਪ੍ਰੇਮੀ ਨੇ ਉਸ ਦੇ ਪਤੀ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ। ਇਹ ਘਟਨਾ ਉਦੋਂ ਹੋਈ ਜਦੋਂ ਪਤੀ ਨੇ ਪਤਨੀ ਨੂੰ ਉਸ ਦੇ ਪ੍ਰੇਮੀ ਨਾਲ ਦੇਖ ਲਿਆ। ਦਰਅਸਲ ਉਸਮਾਨਪੁਰ ਵਾਸੀ ਜ਼ਖਮੀ ਦੀ ਪਤਨੀ ਘਰੋਂ ਬਿਨਾਂ ਦੱਸੇ ਬਾਹਰ ਨਿਕਲ ਗਈ ਸੀ, ਉਸ ਦੇ ਪਤੀ ਨੂੰ ਪਤਾ ਸੀ ਕਿ ਉਹ ਕਿੱਥੇ ਗਈ ਹੋਵੇਗੀ, ਕਿਉਂਕਿ ਉਹ ਪਹਿਲਾਂ ਵੀ ਕਈ ਵਾਰ ਘਰੋਂ ਜਾ ਚੁਕੀ ਸੀ। ਉਸ ਦੀ ਤਲਾਸ਼ 'ਚ ਨਿਕਲੇ ਪਤੀ ਨੇ ਰਸਤੇ 'ਚ ਸ਼ਰਾਬ ਪੀਤੀ ਅਤੇ ਪਹਾੜਗੰਜ ਦੀ ਚੂਨਾ ਮੰਡੀ ਪੁੱਜ ਗਿਆ। ਉੱਥੇ ਪਤਨੀ ਨੂੰ ਰੋਡ ਸਾਈਡ 'ਤੇ ਉਸ ਦੇ ਪ੍ਰੇਮੀ ਨਾਲ ਬੈਠਾ ਦੇਖਿਆ। ਦੋਸ਼ ਹੈ ਕਿ ਪਤੀ ਨੂੰ ਦੇਖਦੇ ਹੀ ਪਤਨੀ ਆਪਣੇ ਪ੍ਰੇਮੀ ਨਾਲ ਦੌੜਨ ਲੱਗੀ। ਪਤੀ ਨੇ ਵੀ ਉਨ੍ਹਾਂ ਦੇ ਪਿੱਛੇ-ਪਿੱਛੇ ਦੌੜ ਲਗਾਈ। ਪਤੀ ਨੇ ਪਹਾੜਗੰਜ ਥਾਣੇ ਕੋਲ ਪਤਨੀ ਨੂੰ ਫੜ ਲਿਆ। ਦੋਸ਼ ਹੈ ਕਿ ਉਸ ਸਮੇਂ ਪ੍ਰੇਮੀ ਫਿਲਮੀ ਅੰਦਾਜ 'ਚ ਆੜੇ ਆ ਗਿਆ। ਉਸ ਨੇ ਕਿਹਾ,''ਤੂੰ ਸਾਨੂੰ ਮਿਲਣ ਤੋਂ ਨਹੀਂ ਰੋਕ ਸਕਦਾ।''
ਕਹਾਸੁਣੀ ਕਾਰਨ ਪ੍ਰੇਮੀ ਨੇ ਪਤੀ 'ਤੇ ਚਾਕੂ ਨਾਲ ਵਾਰ ਕਰ ਦਿੱਤੇ। ਪਤੀ ਦੇ ਹੱਥ ਅਤੇ ਮੱਥੇ 'ਤੇ ਜ਼ਖਮ ਆਏ। ਕੁੱਟਮਾਰ ਅਤੇ ਰੌਲਾ ਚੱਲਦਾ ਰਿਹਾ ਅਤੇ ਭੀੜ ਲੱਗ ਗਈ, ਓਨੇ 'ਚ ਕਿਸੇ ਨੇ ਪੀ.ਸੀ.ਆਰ. ਨੂੰ ਫੋਨ ਕਰ ਦਿੱਤਾ। ਪੁਲਸ ਨੇ ਮੌਕੇ 'ਤੇ ਪੁੱਜ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਜ਼ਖਮੀ ਨੂੰ ਲੇਡੀ ਹਾਰਡਿੰਗ ਹਸਪਤਾਲ ਪਹੁੰਚਾਇਆ। ਦੂਜੇ ਪਾਸੇ ਪਤਨੀ ਪੁਲਸ ਕਾਰਵਾਈ ਛੱਡ ਕੇ ਚੱਲੀ ਗਈ। ਘਟਨਾ 15 ਫਰਵਰੀ ਦੀ ਰਾਤ ਕਰੀਬ 9 ਵਜੇ ਵਾਪਰੀ। ਜ਼ਖਮੀ ਪਤੀ ਉਸਮਾਨਪੁਰ 'ਚ ਰਹਿੰਦਾ ਹੈ। ਉਸ ਨੇ ਪੁਲਸ ਨੂੰ ਦੱਸਿਆ ਹੈ ਕਿ ਉਸ ਦੀ ਪਤਨੀ ਪਹਿਲਾਂ ਵੀ ਘਰੋਂ ਨਿਕਲ ਪਹਾੜਗੰਜ ਦੀ ਚੂਨਾ ਮੰਡੀ 'ਚ ਦੋਸ਼ੀ ਨੂੰ ਮਿਲਦੀ ਰਹੀ ਹੈ। ਇਸ ਲਈ ਕੱਲ ਵੀ ਉਹ ਜਦੋਂ ਘਰੋਂ ਨਿਕਲੀ ਤਾਂ ਉਹ ਉਸ ਦੀ ਤਲਾਸ਼ 'ਚ ਚੂਨਾ ਮੰਡੀ ਪੁੱਜ ਗਿਆ। ਪਹਾੜਗੰਜ ਪੁਲਸ ਨੇ ਦੋਸ਼ੀ ਧਨੰਜਯ ਦੇ ਖਿਲਾਫ ਆਈ.ਪੀ.ਸੀ. ਦੀ ਧਾਰਾ 324 ਦੇ ਅਧੀਨ ਨੁਕੀਲੀ ਚੀਜ਼ ਨਾਲ ਹਮਲਾ ਕਰਨ ਦਾ ਮੁਕੱਦਮਾ ਦਰਜ ਕੀਤਾ ਹੈ। ਪੀੜਤ ਪਤੀ ਨੇ ਪੁਲਸ ਤੋਂ ਗੁਹਾਰ ਲਗਾਈ ਕਿ ਉਸ ਦੀ ਪਤਨੀ ਦੇ ਪ੍ਰੇਮੀ ਨੇ ਚਾਕੂ ਨਾਲ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕੀਤਾ, ਇਸ ਲਈ ਕਤਲ ਦੀ ਕੋਸ਼ਿਸ਼ ਦਾ ਮੁਕੱਦਮਾ ਦਰਜ ਕੀਤਾ ਜਾਵੇ ਪਰ ਪੁਲਸ ਦੀ ਦਲੀਲ ਹੈ ਕਿ ਜ਼ਖਮੀ ਦੀ ਮੈਡੀਕਲ ਰਿਪੋਰਟ ਅਨੁਸਾਰ ਚਾਕੂ ਨਾਲ ਹੋਏ ਜ਼ਖਮ ਓਨੇ ਡੂੰਘੇ ਨਹੀਂ ਸਨ ਕਿ ਮੌਤ ਹੋਣ ਦਾ ਸ਼ੱਕ ਹੋਵੇ। ਇਸ ਲਈ ਕਤਲ ਦੀ ਕੋਸ਼ਿਸ਼ ਦਾ ਕੇਸ ਨਹੀਂ ਬਣਦਾ ਹੈ।