ਕਿਸ਼ਤਵਾੜ ਬੱਸ ਹਾਦਸੇ ''ਚ 17 ਦੀ ਮੌਤ, ਸੂਬਾ ਪ੍ਰਸ਼ਾਸਨ ਨੇ ਮੁਆਵਜ਼ਾ ਦੇਣ ਦਾ ਕੀਤਾ ਐਲਾਨ

Saturday, Sep 15, 2018 - 08:26 AM (IST)

ਕਿਸ਼ਤਵਾੜ, (ਅਜੇ)-ਕਿਸ਼ਤਵਾੜ ’ਚ ਸ਼ੁੱਕਰਵਾਰ ਨੂੰ ਫਿਰ ਹੋਏ ਇਕ ਦਰਦਨਾਕ ਸੜਕ ਹਾਦਸੇ ’ਚ 17 ਲੋਕਾਂ ਦੀ ਮੌਤ ਹੋ ਗਈ, ਜਦਕਿ 16 ਜ਼ਖ਼ਮੀਆਂ ਦਾ ਵੱਖ-ਵੱਖ ਹਸਪਤਾਲਾਂ ’ਚ ਇਲਾਜ ਜਾਰੀ ਹੈ। ਸੂਚਨਾ ਅਨੁਸਾਰ  ਸ਼ੁੱਕਰਵਾਰ ਸਵੇਰੇ ਕਰੀਬ 8.45 ਵਜੇ ਕੇਸ਼ਵਾਨ ਤੋਂ ਕਿਸ਼ਤਵਾੜ ਜ਼ਿਲਾ ਮੁੱਖ ਦਫਤਰ ਵੱਲ ਆ ਰਹੀ ਮਿੰਨੀ ਬੱਸ (ਨੰਬਰ ਜੇ. ਕੇ. 17663) ਦਾ ਚਾਲਕ ਠਾਕਰਾਈ ਦੇ ਰਾਸ਼ਨ ਗੋਦਾਮ ਕੋਲ ਬੱਸ ’ਤੇ ਕੰਟਰੋਲ ਗੁਆ ਬੈਠਾ, ਜਿਸ ਕਾਰਨ  ਬੱਸ ਸੜਕ ਤੋਂ ਹੇਠਾਂ ਸੈਂਕੜੇ ਫੁੱਟ ਡੂੰਘੀ ਖੱਡ ’ਚ ਡਿਗ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਮਿੰਨੀ ਬੱਸ ਦੇ ਪਰਖਚੇ ਉੱਡ ਗਏ ਅਤੇ ਕਈ ਹਿੱਸੇ ਝਨਾਂ ਨਦੀ ਦੇ ਕੰਢੇ ਪਹੁੰਚ ਗਏ, ਜਦਕਿ ਇਸ ’ਚ ਸਵਾਰ ਕਰੀਬ 33 ਲੋਕ ਖੱਡ ’ਚ ਜ਼ਖ਼ਮੀ ਹਾਲਤ ਵਿਚ ਜਗ੍ਹਾ-ਜਗ੍ਹਾ ਪਏ ਹੋਏ ਸਨ। ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ, ਪੁਲਸ, ਰਾਸ਼ਟਰੀ ਰਾਈਫਲਜ਼, ਐੱਨ. ਡੀ. ਆਰ. ਐੱਫ. ਅਤੇ ਕਈ ਸਵੈਮ-ਸੇਵੀ ਸੰਗਠਨਾਂ ਦੇ ਲੋਕ ਮੌਕੇ ’ਤੇ ਪਹੁੰਚੇ ਅਤੇ ਰੱਸੀਆਂ ਦੇ ਸਹਾਰੇ 3 ਪਾਸਿਓਂ ਖੱਡ ’ਚ ਪਹੁੰਚੇ। ਬਹੁਤ ਮਿਹਨਤ ਤੋਂ ਬਾਅਦ ਜ਼ਖ਼ਮੀਆਂ ਨੂੰ ਖੱਡ ’ਚੋਂ ਕੱਢਿਆ ਗਿਆ ਪਰ ਉਦੋਂ ਤੱਕ  8 ਲੋਕਾਂ ਦੀ ਮੌਤ ਹੋ ਚੁੱਕੀ ਸੀ, ਜਿਨ੍ਹਾਂ ਦੀਆਂ ਲਾਸ਼ਾਂ ਨੂੰ 11 ਰਾਸ਼ਟਰੀ ਰਾਈਫਲਜ਼ ਦੇ ਕੈਂਪਸ ’ਚ ਲਿਜਾਇਆ ਗਿਆ, ਜਦਕਿ 25 ਜ਼ਖ਼ਮੀਆਂ ਨੂੰ ਜ਼ਿਲਾ ਹਸਪਤਾਲ ਕਿਸ਼ਤਵਾੜ ਲਿਜਾਇਆ  ਗਿਆ। ਇਲਾਜ ਦੌਰਾਨ ਗੰਭੀਰ ਰੂਪ ’ਚ ਜ਼ਖ਼ਮੀ 8 ਲੋਕਾਂ ਨੇ ਦਮ ਤੋੜ ਦਿੱਤਾ। ਪ੍ਰਸ਼ਾਸਨ ਵਲੋਂ 2 ਹੈਲੀਕਾਪਟਰਾਂ ਦੇ ਜ਼ਰੀਏ ਗੰਭੀਰ ਰੂਪ ’ਚ ਜ਼ਖ਼ਮੀ 11 ਲੋਕਾਂ ਨੂੰ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ, ਜਿਥੇ ਇਕ ਹੋਰ ਯਾਤਰੀ ਨੇ ਦਮ ਤੋੜ ਦਿੱਤਾ।  ਹਸਪਤਾਲ ਪ੍ਰਸ਼ਾਸਨ ਅਤੇ ਪੁਲਸ ਵਲੋਂ ਜ਼ਰੂਰੀ ਕਾਰਵਾਈ ਤੋਂ ਬਾਅਦ ਲਾਸ਼ਾਂ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀਆਂ ਗਈਆਂ। 
ਮ੍ਰਿਤਕ ਦੇ ਪਰਿਵਾਰ ਨੂੰ 5 ਲੱਖ ਤੇ ਜ਼ਖ਼ਮੀ ਨੂੰ 50 ਹਜ਼ਾਰ ਦੇਣ ਦਾ ਐਲਾਨ
ਸੜਕ  ਹਾਦਸੇ ਵਿਚ ਮਾਰੇ ਗਏ ਪਰਿਵਾਰਕ ਮੈਂਬਰਾਂ ਦੇ ਹੱਕ ਵਿਚ ਜਿਥੇ ਸੂਬਾਈ ਪ੍ਰਸ਼ਾਸਨ  ਨੇ 5-5  ਲੱਖ ਰੁਪਏ ਬਤੌਰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ, ਉਥੇ ਹੀ ਮੁਫਤ ਇਲਾਜ ਦੇ ਨਾਲ-ਨਾਲ ਹਰ  ਜ਼ਖ਼ਮੀ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਵੀ ਕੀਤਾ ਹੈ। ਇਸ ਸਬੰਧ  ਵਿਚ ਜ਼ਿਲਾ ਵਿਕਾਸ ਕਮਿਸ਼ਨਰ ਕਿਸ਼ਤਵਾੜ ਅੰਗਰੇਜ਼ ਸਿੰਘ ਰਾਣਾ ਨੇ ਕਿਹਾ ਕਿ ਰਾਜਪਾਲ ਸਤਿਆਪਾਲ ਮਲਿਕ  ਵਲੋਂ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਗਏ ਹਨ। 


Related News