ਖੱਟੜ ਦੇ ਵਿਵਾਦਿਤ ਬਿਆਨ 'ਤੇ ਭੜਕੇ ਰਾਹੁਲ ਨੇ ਸੁਣਾਈਆਂ ਖਰੀਆਂ-ਖਰੀਆਂ

08/10/2019 4:36:17 PM

ਨਵੀਂ ਦਿੱਲੀ—ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਸ਼ਮੀਰੀ ਔਰਤਾਂ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵੱਲੋਂ ਦਿੱਤੇ ਵਿਵਾਦਿਤ ਬਿਆਨ ਦੀ ਸਖਤ ਨਿੰਦਿਆ ਕੀਤੀ ਹੈ। ਉਨ੍ਹਾਂ ਨੇ ਟਵੀਟ ਰਾਹੀਂ ਕਿਹਾ, '' ਕਸ਼ਮੀਰੀ ਔਰਤਾਂ ਦੇ ਬਾਰੇ ਹਰਿਆਣਾ ਦੇ ਮੁੱਖ ਮੰਤਰੀ ਖੱਟੜ ਦੀ ਟਿੱਪਣੀ ਨਿੰਦਣਯੋਗ ਹੈ ਅਤੇ ਇਸ ਤੋਂ ਸਾਬਿਤ ਹੁੰਦਾ ਹੈ ਕਿ ਰਾਸ਼ਟਰੀ ਸਵੈ-ਸੇਵਕ ਸੰਘ-ਆਰ. ਐੱਸ. ਐੱਸ. ਦੀ ਸਾਲਾਂ ਤੱਕ ਦੀ ਸਿਖਲਾਈ ਇੱਕ ਕਮਜ਼ੋਰ ਮਾਨਸਿਕਤਾ, ਅਸੁਰੱਖਿਅਤ ਅਤੇ ਦਇਆਹੀਣ ਵਿਅਕਤੀ ਨਾਲ ਕੀ ਕਰਦੀ ਹੈ। ਔਰਤਾਂ ਕੋਈ ਚੀਜ਼ ਨਹੀਂ ਹਨ, ਜਿਨ੍ਹਾਂ 'ਤੇ ਪੁਰਸ਼ਾਂ ਦਾ ਜ਼਼ੋਰ ਹੋਵੇ।''

ਦੱਸ ਦੇਈਏ ਕਿ ਧਾਰਾ 370 ਦੇ ਖਤਮ ਹੋਣ ਤੋਂ ਬਾਅਦ ਭਾਜਪਾ ਨੇਤਾ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸ਼ੁੱਕਰਵਾਰ ਫਤਿਹਾਬਾਦ 'ਚ ਇੱਕ ਪ੍ਰੋਗਰਾਮ ਦੌਰਾਨ ਕਸ਼ਮੀਰੀ ਕੁੜੀਆਂ 'ਤੇ ਵਿਵਾਦਿਤ ਬਿਆਨ ਦਿੰਦੇ ਹੋਏ ਕਿਹਾ ਹੈ, 'ਸਾਡੇ ਮੰਤਰੀ ਓ. ਪੀ. ਧਨਖੜ ਕਹਿੰਦੇ ਸੀ ਕਿ ਬਿਹਾਰ ਤੋਂ ਨੂੰਹ ਲਿਆਵਾਂਗੇ ਪਰ ਹੁਣ ਲੋਕ ਕਹਿੰਦੇ ਹਨ ਕਿ ਕਸ਼ਮੀਰ ਦਾ ਰਸਤਾ ਸਾਫ ਹੋ ਗਿਆ ਹੈ ਅਤੇ ਕਸ਼ਮੀਰੀ ਕੁੜੀਆਂ ਲਿਆਵਾਂਗੇ।''

ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਇਹ ਭਾਜਪਾ ਨੇਤਾ ਵੱਲੋਂ ਇਹ ਬਿਆਨ ਪਹਿਲੀ ਵਾਰ ਨਹੀਂ ਆਇਆ ਹੈ। ਇਸ ਤੋਂ ਪਹਿਲਾਂ ਭਾਜਪਾ ਵਿਧਾਇਕ ਵਿਕ੍ਰਮ ਸੈਣੀ ਨੇ ਵੀ ਧਾਰਾ 370 ਖਤਮ ਹੋਣ ਤੋਂ ਬਾਅਦ ਬਿਆਨ ਦਿੰਦੇ ਹੋਏ ਕਿਹਾ ਕਿ ਹੁਣ ਉਹ ਬਿਨਾਂ ਕਿਸੇ ਡਰ ਦੇ ਗੋਰੀਆਂ ਕਸ਼ਮੀਰੀ ਕੁੜੀਆਂ ਨਾਲ ਵਿਆਹ ਕਰਵਾ ਸਕਦੇ ਹਨ। ਇਸ ਦੇ ਨਾਲ ਹੀ ਭਾਜਪਾ ਦੇ ਕੁਆਰੇ ਨੇਤਾ ਵੀ ਹੁਣ ਕਸ਼ਮੀਰ ਜਾ ਕੇ ਉੱਥੇ ਪਲਾਂਟ ਖ੍ਰੀਦ ਸਕਦੇ ਹਨ ਅਤੇ ਵਿਆਹ ਕਰਵਾ ਸਕਦੇ ਹਨ।

Iqbalkaur

This news is Content Editor Iqbalkaur