ਡੇਰਾ ਮੁਖੀ ਦੇ ਸਾਬਕਾ ਡਰਾਈਵਰ ਨੇ ਸੀ.ਜੇ.ਐੱਮ. ਕੋਰਟ ’ਚ ਲਾਈ ਅਰਜ਼ੀ

01/04/2020 12:42:32 PM

ਪੰਚਕੂਲਾ (ਚੰਦਨ)— 25 ਅਗਸਤ 2017 ਨੂੰ ਪੰਚਕੂਲਾ 'ਚ ਹੋਈ ਹਿੰਸਾ ਮਾਮਲੇ ’ਚ ਡੇਰਾ ਮੁਖੀ ਅਤੇ ਸਾਧਵੀ ਯੋਨ ਸ਼ੋਸ਼ਣ ਮਾਮਲੇ 'ਚ ਦੋਸ਼ੀ ਰਾਮ ਰਹੀਮ ਦੇ ਸਾਬਕਾ ਡਰਾਈਵਰ ਖੱਟਾ ਸਿੰਘ ਨੇ ਸੀ.ਜੇ. ਐੱਮ. ਅਦਾਲਤ ’ਚ ਅਰਜ਼ੀ ਦਾਇਰ ਕੀਤੀ ਹੈ। ਖੱਟਾ ਸਿੰਘ ਨੇ ਦਾਇਰ ਅਰਜ਼ੀ 'ਚ ਪੰਚਕੂਲਾ ਹਿੰਸਾ ਦਾ ਸਭ ਤੋਂ ਵੱਡਾ ਕਸੂਰਵਾਰ ਰਾਮ ਰਹੀਮ ਨੂੰ ਦੱਸਿਆ ਹੈ। ਅਰਜ਼ੀ 'ਚ ਐੱਫ. ਆਈ. ਆਰ. ਨੰਬਰ 345 'ਚ ਰਾਮ ਰਹੀਮ ਨੂੰ ਵੀ ਦੋਸ਼ੀ ਬਣਾਉਣ ਦੀ ਮੰਗ ਕੀਤੀ ਗਈ ਹੈ। ਅਰਜ਼ੀ 'ਚ ਕਿਹਾ ਗਿਆ ਹੈ ਕਿ ਰਾਮ ਰਹੀਮ ਦੇ ਇਸ਼ਾਰਿਆਂ ’ਤੇ ਹੀ ਪੰਚਕੂਲਾ ’ਚ ਦੰਗੇ ਹੋਏ ਸਨ। ਇਸੇ ਲਈ ਰਾਮ ਰਹੀਮ ਨੂੰ ਵੀ ਇਸ ਮਾਮਲੇ ’ਚ ਦੋਸ਼ੀ ਬਣਾਇਆ ਜਾਣਾ ਚਾਹੀਦਾ ਹੈ।

ਖੱਟਾ ਸਿੰਘ ਦੇ ਵਕੀਲ ਨੇ ਦੱਸਿਆ ਕਿ 25 ਅਗਸਤ 2017 ’ਚ ਪੰਚਕੂਲਾ ’ਚ ਹੋਏ ਦੰਗਿਆਂ ਨੂੰ ਲੈ ਕੇ 240 ਐੱਫ.ਆਈ.ਆਰ. ਦਰਜ ਹੋਈਆਂ ਸਨ, ਜਿਨ੍ਹਾਂ ਚੋਂ ਇਕ ਵੀ ਐੱਫ.ਆਈ.ਆਰ. ’ਚ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਨਹੀਂ ਦੱਸਿਆ ਗਿਆ। ਵਕੀਲ ਨੇ ਦੱਸਿਆ ਕਿ ਮਾਮਲੇ ’ਚ ਜਾਂਚ ਕਰ ਰਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਕਈ ਤੱਥ ਇਕੱਠ ਕੀਤੇ ਹਨ। ਇਨ੍ਹਾਂ 'ਚ ਇਕ ਸੁਭਾਸ਼ ਦਾ ਬਿਆਨ ਵੀ ਹੈ। ਵਕੀਲ ਨੇ ਕਿਹਾ ਕਿ ਸੁਭਾਸ਼ ਨੇ ਬਿਆਨ ’ਚ ਦੱਸਿਆ ਕਿ ਲੋਕੇਸ਼ ਕੁਮਾਰ ਬਾਬੇ ਦੀ ਰਿਹਾਇਸ਼ ’ਤੇ ਮਿਲਣ ਜਾਂਦਾ ਸੀ।

ਦੱਸਿਆ ਗਿਆ ਹੈ ਕਿ ਰਾਮ ਰਹੀਮ ਦੀ ਰਿਹਾਇਸ਼ ’ਤੇ ਮੀਟਿੰਗ ਕੀਤੀ ਗਈ ਸੀ ਅਤੇ ਉਸ ਦੌਰਾਨ ਦੋਸ਼ੀ ਹਨੀਪ੍ਰੀਤ ਅਤੇ ਆਦਿਤਯ ਇੰਸਾ ਵੀ ਉਥੇ ਮੌਜੂਦ ਸੀ। ਦੋਸ਼ ਹੈ ਕਿ ਰਾਮ ਰਹੀਮ ਨੇ ਉਨ੍ਹਾਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਕਿ ਜੇਕਰ ਉਸ ਨੂੰ ਸਾਧਵੀ ਯੋਨ ਸ਼ੋਸ਼ਣ ਮਾਮਲੇ 'ਚ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਪੰਚਕੂਲਾ 'ਚ ਦੰਗੇ ਕੀਤੇ ਜਾਣ।

ਵਕੀਲ ਨੇ ਹੈੱਡ ਕਾਂਸਟੇਬਲ ਮਾਨ ਸਿੰਘ ਅਤੇ ਸਰਪੰਚ ਪਵਨ ਦੇ ਬਿਆਨ ਨੂੰ ਵੀ ਦੋਸ਼ੀ ਰਾਮ ਰਹੀਮ ਦਾ ਦੋਸ਼ ਸਿੱਧ ਕਰਨ ਦੀ ਦਿਸ਼ਾ ’ਚ ਅਹਿਮ ਦੱਸਿਆ। ਵਕੀਲ ਨੇ ਦੱਸਿਆ ਕਿ ਸੀ. ਜੇ. ਐੱਮ. ਅਦਾਲਤ ਨੇ ਮਾਮਲੇ ’ਚ ਸੁਣਵਾਈ ਲਈ ਅਗਲੀ ਤਰੀਕ 19 ਜਨਵਰੀ ਤੈਅ ਕੀਤੀ ਹੈ। ਇਸੇ ਦਿਨ ਹੀ ਅਦਾਲਤ ਦਾਇਰ ਕੀਤੀ ਅਰਜ਼ੀ ’ਤੇ ਵੀ ਵਿਚਾਰ ਕਰੇਗੀ।


Iqbalkaur

Content Editor

Related News