ਖਾਲਿਸਤਾਨ ਲਿਬਰੇਸ਼ਨ ਫੋਰਸ ਮੁਖੀ ਰੋਡੇ ਖਿਲਾਫ਼ ਮਾਮਲਾ ਦਰਜ

04/12/2022 5:17:28 PM

ਨਵੀਂ ਦਿੱਲੀ (ਨੈਸ਼ਨਲ ਡੈਸਕ)- ਪੰਜਾਬ ਪੁਲਸ ਨੇ ਪਾਬੰਦੀਸ਼ੁਦਾ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ. ਐੱਲ. ਐੱਫ.) ਦੇ ਪਾਕਿਸਤਾਨ ਸਥਿਤ ਮੁਖੀ ਲਖਬੀਰ ਸਿੰਘ ਰੋਡੇ ਦੇ ਖਿਲਾਫ ਹਾਲ ਦੇ ਦਿਨਾਂ ਵਿਚ ਡਰੋਨ ਦੀ ਵਰਤੋਂ ਕਰ ਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਇਲਾਕਿਆਂ ਵਿਚ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਤਸਕਰੀ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਹੈ। ਇਕ ਮੀਡੀਆ ਰਿਪੋਰਟ ਵਿਚ ਐੱਫ. ਆਰ. ਆਰ. ਦੇ ਹਵਾਲੇ ਤੋਂ ਕਿਹਾ ਹੈ ਕਿ ਪੰਜਾਬ ਪੁਲਸ ਦੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਰੋਡੇ ਦੇ ਖਿਲਾਫ ਮਾਮਲਾ ਦਰਜ ਕੀਤਾ, ਜੋ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਮੁਖੀ ਵੀ ਹੈ।

ਕਿਹੜੀਆਂ ਧਾਰਾਵਾਂ ਦੇ ਤਹਿਤ ਹੈ ਮਾਮਲਾ
ਰੋਡੇ ਖਿਲਾਫ ਆਰਮਜ਼ ਐਕਟ ਦੀ ਧਾਰਾ 25, ਵਿਸਫੋਟਕ ਪਦਾਰਥ (ਸੋਧ) ਐਕਟ ਦੀ ਧਾਰਾ 3, 4, 5 ਇੰਡੀਅਨ ਪੈਨਲ ਕੋਡ 13 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਐੱਸ. ਐੱਸ. ਓ. ਸੀ. ਦੇ ਪੁਲਸ ਵਾਈਸ ਪ੍ਰੈਜੀਡੈਂਟ (ਡੀ. ਐੱਸ. ਪੀ.) ਹਰਵਿੰਦਰ ਪਾਲ ਸਿੰਘ ਦੀ ਸ਼ਿਕਾਇਤ ’ਤੇ ਮਾਮਲੇ ਵਿਚ ਅੰਮ੍ਰਿਤਸਰ ’ਚ ਗੈਰ-ਕਾਨੂੰਨੀ ਸਰਗਰਮੀਆਂ (ਰੋਕਥਾਮ) ਐਕਟ ਦੀ ਧਾਰਾ-18, 18-ਏ, 18-ਬੀ ਅਤੇ 20 ਧਾਰਾ ਵੀ ਜੋੜੀ ਗਈ ਹੈ।

ਬੀਤੇ ਸਾਲ ਦੇਖੇ ਗਏ 100 ਤੋਂ ਜ਼ਿਆਦਾ ਡਰੋਨ
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੇ ਮੁਕਾਬਲੇ 2021 ਵਿਚ ਪੰਜਾਬ ਵਿਚ ਸਭ ਤੋਂ ਜ਼ਿਆਦਾ ਡਰੋਨ ਦੇਖੇ ਗਏ ਹਨ। ਬੀ. ਐੱਸ. ਐੱਫ. ਨੇ 2021 ਵਿਚ ਪੰਜਾਬ, ਰਾਜਸਥਾਨ ਅਤੇ ਜੰਮੂ-ਕਸ਼ਮੀਰ ’ਚ ਕੌਮਾਂਤਰੀ ਸਰਹੱਦ ’ਤੇ 100 ਡਰੋਨ ਦੇਖੇ ਜਾਣ ਦੀ ਸੂਚਨਾ ਦਿੱਤੀ ਹੈ ਅਤੇ ਇਨ੍ਹਾਂ ਵਿਚੋਂ 67 ਪੰਜਾਬ ਵਿਚ, 24 ਜੰਮੂ ਖੇਤਰ ਵਿਚ, 6 ਰਾਜਸਥਾਨ ਵਿਚ, 2 ਗੁਜਰਾਤ ਵਿਚ ਅਤੇ 1 ਕਸ਼ਮੀਰ ਖੇਤਰ ਵਿਚ ਦੇਖਿਆ ਗਿਆ ਹੈ। ਜ਼ਿਆਦਾਤਰ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਡਰੋਨ ਫਾਇਰਿੰਗ ਤੋਂ ਬਾਅਦ ਪਾਕਿਸਤਾਨੀ ਖੇਤਰ ਵਿਚ ਵਾਪਸ ਚਲੇ ਜਾਂਦੇ ਹਨ।

ਪੰਜਾਬ ’ਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼
ਐੱਫ. ਆਈ. ਆਰ. ਮੁਤਾਬਕ ਡੀ. ਐੱਸ. ਪੀ. ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰੋਡੇ ਜੋ ਪੰਜਾਬ ਵਿਚ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿਚ ਲੋੜੀਂਦਾ ਹੈ, ਵੱਖ-ਵੱਖ ਰਾਸ਼ਟਰ ਵਿਰੋਧੀ ਸਰਗਰਮੀਆਂ ਵਿਚ ਸਰਗਰਮ ਹੈ ਅਤੇ ਪਾਕਿਸਤਾਨ ਦੀ ਇੰਟਰ-ਸਰਵਿਸੇਜ ਇੰਟੈਲੀਜੈਂਸ (ਆਈ. ਐੱਸ. ਆਈ.) ਏਜੰਸੀ ਅਤੇ ਹੋਰ ਵੱਖਵਾਦੀਆਂ ਦੇ ਸੰਪਰਕ ਵਿਚ ਹੈ। ਸੂਚਨਾ ਮੁਤਾਬਕ ਰੋਡੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਅੰਮ੍ਰਿਤਸਰ ਦੇ ਸਰਹੱਦੀ ਇਲਾਕਿਆਂ ਵਿਚ ਡਰੋਨ ਰਾਹੀਂ ਪਾਕਿਸਤਾਨ ਤੋਂ ਹਥਿਆਰ ਅਤੇ ਗੋਲਾ ਬਾਰੂਦ ਭਾਰਤ ਭਿਜਵਾ ਰਿਹਾ ਹੈ। ਲਖਬੀਰ ਸਿੰਘ ਰੋਡੇ ਇਕ ਖਾਲਿਸਤਾਨੀ ਵੱਖਵਾਦੀ ਅਤੇ ਜਨਰੈਲ ਸਿੰਘ ਭਿੰਡਰਾਵਾਲੇ ਦਾ ਭਤੀਜਾ ਹੈ। ਉਹ ਮੌਜੂਦਾ ਸਮੇਂ ਵਿਚ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਮੁਖੀ ਹੈ, ਜਿਸ ਦੀਆਂ ਪੱਛਮੀ ਯੂਰਪ ਅਤੇ ਕੈਨੇਡਾ ਵਿਚ ਇਕ ਦਰਜਨ ਤੋਂ ਜ਼ਿਆਦਾ ਦੇਸ਼ਾਂ ਵਿਚ ਬਰਾਂਚਾਂ ਹਨ।


Tanu

Content Editor

Related News