ਕੇਰਲ ਹੜ੍ਹ: ਪਾਣੀ ਘੱਟ ਹੋਣ ''ਤੇ ਰਾਹਤ ਕਾਰਜ ''ਚ ਤੇਜ਼ੀ, 7.24 ਲੱਖ ਤੋਂ ਜ਼ਿਆਦਾ ਲੋਕ ਹੋਏ ਬੇਘਰ

08/21/2018 11:20:51 AM

ਤਿਰੂਵਨੰਤਪੂਰਮ— ਕੇਰਲ 'ਚ ਬਾਰਿਸ਼ ਦੇ ਘੱਟ ਹੋਣ ਅਤੇ ਰਾਹਤ ਮੁਹਿੰਮ ਦੇ ਆਖਰੀ ਪੜਾਅ 'ਚ ਹੋਣ ਕਾਰਨ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਮਿਲੀ ਹੈ ਪਰ ਬੇਘਰ ਹੋਏ ਲੱਖਾਂ ਲੋਕਾਂ ਦੇ ਮੁੜ ਬਸੇਬੇ ਅਤੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਦਾ ਕੰਮ ਇਕ ਵੱਡੀ ਚੁਣੌਤੀ ਬਣਿਆ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੂਬੇ 'ਚ 8 ਅਗਸਤ ਤੋਂ ਬਾਅਦ ਮਾਨਸੂਨ ਦੇ ਦੂਜੇ ਪੜਾਅ 'ਚ ਭਾਰੀ ਬਾਰਿਸ਼ ਅਤੇ ਹੜ੍ਹ ਕਾਰਨ 300 ਤੋਂ ਜ਼ਿਆਦਾ ਲੋਕਾਂ ਦੀ ਜਾਨ ਗਈ ਹੈ। 7.24 ਲੱਖ ਤੋਂ ਜ਼ਿਆਦਾ ਲੋਕ ਬੇਘਰ ਹੋਏ ਹਨ, ਜਿੰਨ੍ਹਾਂ ਨੂੰ 5,645 ਰਾਹਤ ਕੈਂਪਾਂ 'ਚ ਠਹਿਰਾਇਆ ਗਿਆ ਹੈ। 
ਜਾਣਕਾਰੀ ਮੁਤਾਬਕ ਸੈਨਾ ਦੀ ਦੱਖਣੀ ਕਮਾਨ ਦੇ ਮੁਖੀ ਲੈਂਫਟੀਨੈਂਟ ਜਨਰਲ ਡੀ. ਆਰ. ਸੋਨੀ ਨੇ ਤਿਰੂਵਨੰਤਪੁਰਮ 'ਚ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ ਹੈ ਕਿ ਰਾਹਤ ਮੁਹਿੰਮ ਵੀ ਜਾਰੀ ਹੈ ਅਤੇ ਜਿੰਨ੍ਹਾਂ ਖੇਤਰਾਂ ਤੱਕ ਆਸਾਨ ਪਹੁੰਚ ਨਹੀਂ ਹੈ, ਉੱਥੇ ਫਸੇ ਲੋਕਾਂ ਤੱਕ ਸਹਾਇਤਾ ਪਹੁੰਚਾਉਣ ਲਈ ਡ੍ਰੋਨ ਜਹਾਜ਼ਾ ਦੀ ਵਰਤੋਂ ਕੀਤੀ ਜਾ ਰਹੀ ਹੈ। ਸੋਨੀ ਨੇ ਕਿਹਾ ਕਿ ਰਾਹਤ ਮੁਹਿੰਮਾਂ 'ਚ 1,500 ਸੈਨਾ ਕਰਮਚਾਰੀ ਸ਼ਾਮਿਲ ਹਨ। ਸੰਪਰਕ ਤੋਂ ਪੁਰੀ ਤਰ੍ਹਾਂ ਕਟੇ ਇਲਾਕਿਆਂ 'ਚ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਸੁਰੱਖਿਆ ਬਲਾਂ ਦੇ ਹੈਲੀਕਾਪਟਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। 
ਦੱਸਿਆ ਜਾ ਰਿਹਾ ਹੈ ਕਿ ਕੱਲ ਰਾਤ ਨੂੰ ਏਰਨਾਕੁਲਮ ਜ਼ਿਲੇ ਦੇ ਪਰੂਰ 'ਚ 6 ਹੋਰ ਲਾਸ਼ਾਂ ਬਰਾਮਦ ਹੋਣ ਨਾਲ ਹੀ ਮ੍ਰਿਤਕਾਂ ਦੀ ਗਿਣਤੀ 216 'ਤੇ ਪਹੁੰਚ ਗਈ। ਅਧਿਕਾਰੀਆਂ ਨੇ ਦੱਸਿਆ ਕਿ ਮਕਾਨਾਂ ਦਾ ਮਲਬਾ ਹਟਾਉਣ ਦੀ ਕੋਸ਼ਿਸ਼ ਚੱਲ ਰਹੀ ਹੈ ਤਾਂ ਕਿ ਉਨ੍ਹਾਂ ਨੂੰ ਰਹਿਣ ਲਾਇਕ ਬਣਾਇਆ ਜਾ ਸਕੇ।