ਐੱਲ.ਜੀ. ਦੇ ਸਾਹਮਣੇ ਕੇਜਰੀਵਾਲ ਨੇ ਕਿਉਂ ਜੋੜੇ ਹੱਥ

04/07/2018 9:37:49 AM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਐੱਲ.ਜੀ. ਅਨਿਲ ਬੈਜਲ ਦਰਮਿਆਨ 'ਡੋਰ ਸਟੈੱਪ ਡਿਲਵਰੀ ਸਕੀਮ' ਨੂੰ ਲੈ ਕੇ ਖਿੱਚੋਤਾਨ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ। ਕੇਜਰੀਵਾਲ ਨੇ ਬੈਜਲ 'ਤੇ ਦੋਸ਼ਾਂ ਦੀ ਬਾਰਸ਼ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਐੱਲ.ਜੀ. ਦੇ ਸਾਹਮਣੇ ਗਿੜਗਿੜਾ ਕੇ ਰਾਸ਼ਨ ਦੀ ਡੋਰ ਸਟੈੱਪ ਡਿਲਵਰੀ ਸਕੀਮ ਪਾਸ ਕਰਨ ਦੀ ਮੰਗ ਕੀਤੀ ਸੀ। ਕੇਜਰੀਵਾਲ ਨੇ ਕਿਹਾ ਕਿ ਹਰ ਬੁੱਧਵਾਰ ਨੂੰ ਐੱਲ.ਜੀ. ਨਾਲ ਉਨ੍ਹਾਂ ਦੀ ਮੀਟਿੰਗ ਹੁੰਦੀ ਹੈ। ਉਹ ਹੱਥ ਜੋੜ ਕੇ ਐੱਲ.ਜੀ. ਦੇ ਸਾਹਮਣੇ ਗਿੜਗਿੜਾਏ ਸਨ ਕਿ ਰਾਸ਼ਨ ਦੀ ਡੋਰ ਸਟੈੱਪ ਡਿਲਵਰੀ ਸਕੀਮ ਪਾਸ ਕਰ ਦਿਓ। ਕੋਈ ਵੀ ਉਲਝਣ ਹੋਵੇ ਤਾਂ ਉਨ੍ਹਾਂ ਨੂੰ ਬੁਲਾ ਕੇ ਗੱਲ ਕਰ ਲਵੋ ਪਰ ਉਨ੍ਹਾਂ ਨੇ ਬੁਲਾਇਆ ਹੀ ਨਹੀਂ। ਆਮ ਆਦਮੀ ਪਾਰਟੀ (ਆਪ) ਕਨਵੀਨਰ ਕੇਜਰੀਵਾਲ ਨੇ ਪੁੱਛਿਆ ਕਿ ਕੀ ਐੱਲ.ਜੀ. ਦੀਆਂ ਨਜ਼ਰਾਂ 'ਚ ਮੁੱਖ ਮੰਤਰੀ ਅਤੇ ਮੰਤਰੀਆਂ ਦੀ ਇਹੀ ਇੱਜ਼ਤ ਹੈ। ਉਹ ਮੁੱਖ ਮੰਤਰੀ ਨੂੰ ਕੁਝ ਨਹੀਂ ਸਮਝਦੇ। ਉਨ੍ਹਾਂ ਨੇ ਕਿਹਾ ਕਿ ਆਊਟਕਮ ਰਿਪੋਰ 'ਤੇ ਐੱਲ.ਜੀ. ਦੇ ਜਵਾਬ ਤੋਂ ਸਾਫ਼ ਹੋ ਜਾਂਦਾ ਹੈ ਕਿ ਉਨ੍ਹਾਂ ਦੀ ਨੀਅਤ ਠੀਕ ਨਹੀਂ ਹੈ। ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਪੁਲਸ, ਜਨਪ੍ਰਤੀਨਿਧੀ ਅਤੇ ਜਨਤਾ ਦਰਮਿਆਨ ਇਕਜੁਟਤਾ ਲਈ 10 ਸਾਲ ਤੱਕ ਸ਼ੀਲਾ ਸਰਕਾਰ ਦੇ ਸਮੇਂ ਥਾਣਾ ਪੱਧਰ ਦੀ ਕਮੇਟੀ ਚੱਲਦੀ ਸੀ। ਹੁਣ ਨਹੀਂ ਚੱਲੇਗੀ? ਮੁੱਖ ਮੰਤਰੀ ਨੇ ਪੁੱਛਿਆ ਕਿ ਯੋਜਨਾ ਸ਼ੀਲਾ ਦੇ ਸਮੇਂ ਠੀਕ ਸੀ, ਹੁਣ ਖਰਾਬ ਕਿਵੇਂ ਹੋ ਗਈ? ਕੇਜਰੀਵਾਲ ਨੇ ਤੰਜ਼ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਨਾਲ ਹੈੱਡ ਮਾਸਟਰ ਬੱਚਿਆਂ ਦੀਆਂ ਕਾਪੀਆਂ ਜਾਂਚਦੇ ਹਨ, ਉਸੇ ਤਰ੍ਹਾਂ ਐੱਲ.ਜੀ. ਸਰਕਾਰ ਦੀ ਹਰ ਫਾਈਲ ਨੂੰ ਦੇਖ ਰਹੇ ਹਨ। ਇੰਨਾ ਤੰਗ ਤਾਂ ਟੀਚਰਾਂ ਨੇ ਵੀ ਨਹੀਂ ਕੀਤਾ ਸੀ।
ਹਿਟਲਰ ਵਰਗਾ ਵਤੀਰਾ
ਕੇਜਰੀਵਾਲ ਨੇ ਕਿਹਾ ਕਿ ਅੱਜ ਹਰ ਛੋਟੀ ਤੋਂ ਛੋਟੀ ਫਾਈਲ ਐੱਲ.ਜੀ. ਕੋਲ ਜਾਂਦੀ ਹੈ। ਸੀ.ਐੱਮ. ਨੇ ਕਿਹਾ ਕਿ ਦਿੱਲੀ ਹੈਲਥਕੇਅਰ ਕਾਰਪੋਰੇਸ਼ਨ ਲਿਮਟਿਡ ਦੀ ਫਾਈਲ 'ਤੇ ਐੱਲ.ਜੀ. ਨੇ ਲਿਖ ਦਿੱਤਾ ਕਿ 'ਆਈ ਡੋਂਟ ਥਿੰਕ ਏ ਗੁੱਡ ਆਈਡੀਆ'। ਉਨ੍ਹਾਂ ਨੇ ਸਵਾਲ ਚੁੱਕਿਆ ਕਿ ਕਿਹੜੇ ਨਿਯਮਾਂ ਦੀ ਉਲੰਘਣਾ ਦੇ ਅਧੀਨ ਇਹ ਲਿਖਿਆ ਗਿਆ। ਅਜਿਹਾ ਵਤੀਰਾ ਤਾਂ ਹਿਟਲਰ ਵੀ ਨਹੀਂ ਕਰਦਾ ਸੀ।