ਬਰਕਰਾਰ ਹੈ ''ਆਪ'' ''ਚ ਵਿਵਾਦ, ਕੇਜਰੀਵਾਲ ਦੀ ਇਫਤਾਰ ਪਾਰਟੀ ''ਚ ਸ਼ਾਮਲ ਨਹੀਂ ਹੋਏ ਵਿਸ਼ਵਾਸ

06/24/2017 10:03:05 AM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਭਾਵੇਂ ਹੀ ਕਹਿੰਦੇ ਹਨ ਕਿ ਉਨ੍ਹਾਂ ਦੀ ਪਾਰਟੀ 'ਚ ਸਭ ਠੀਕ ਚੱਲ ਰਿਹਾ ਹੈ ਪਰ 'ਆਪ' ਦਾ ਅੰਦਰੂਨੀ ਕਲੇਸ਼ ਕਿਸੇ ਤੋਂ ਲੁਕਿਆ ਨਹੀਂ ਹੈ। ਇਸ ਵਾਰ ਕੇਜਰੀਵਾਲ ਅਤੇ ਕੁਮਾਰ ਵਿਸ਼ਵਾਸ ਆਹਮਣੇ-ਸਾਹਮਣੇ ਹਨ। ਸੋਸ਼ਲ ਮੀਡੀਆ 'ਤੇ ਚੱਲ ਰਿਹਾ ਵਿਵਾਦ ਹੁਣ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਦਰਅਸਲ ਕੇਜਰੀਵਾਲ ਨੇ ਇਫਤਾਰ ਪਾਰਟੀ ਦਿੱਤੀ ਪਰ ਇਸ 'ਚ ਕੁਮਾਰ ਵਿਸ਼ਵਾਸ ਨੂੰ ਨਹੀਂ ਬੁਲਾਇਆ ਗਿਆ, ਜਿਸ ਦੇ ਬਾਅਦ ਤੋਂ ਪਾਰਟੀ 'ਚ ਇਕ ਵਾਰ ਫਿਰ ਤੋਂ ਵਿਵਾਦ ਖੜ੍ਹਾ ਹੋ ਗਿਆ ਹੈ। 
ਸੱਤਾ ਸੰਭਾਲਣ ਤੋਂ ਬਾਅਦ ਕੇਜਰੀਵਾਲ ਨੇ ਤੀਜੀ ਵਾਰ ਇਫਤਾਰ ਪਾਰਟੀ ਦਿੱਤੀ, ਜਿਸ 'ਚ 2 ਵਾਰ ਤਾਂ ਵਿਸ਼ਵਾਸ ਨੂੰ ਸੱਦਾ ਦਿੱਤਾ ਗਿਆ ਸੀ ਪਰ ਇਸ ਵਾਰ ਉਹ ਇਫਤਾਰ ਪਾਰਟੀ 'ਚ ਕਿਤੇ ਨਜ਼ਰ ਨਹੀਂ ਆਏ, ਜਿਸ ਤੋਂ ਬਾਅਦ ਸਾਰਿਆਂ ਦਾ ਧਿਆਨ ਇਸ ਵੱਲ ਚੱਲਾ ਗਿਆ ਕਿ ਵਿਸ਼ਵਾਸ ਕਿਉਂ ਨਹੀਂ ਆਏ। ਹੈਰਾਨੀ ਵਾਲੀ ਗੱਲ ਹੈ ਕਿ ਕੇਜਰੀਵਾਲ ਨੇ ਉਨ੍ਹਾਂ ਨੂੰ ਸੱਦਾ ਤੱਕ ਨਹੀਂ ਭੇਜਿਆ। ਉੱਥੇ ਹੀ ਇਫਤਾਰ 'ਚ ਨਾ ਬੁਲਾਏ ਜਾਣ 'ਤੇ ਵਿਸ਼ਵਾਸ ਨੇ ਕਿਹਾ ਕਿ ਦਿੱਲੀ ਸਰਕਾਰ ਦਾ ਵਿਸ਼ੇਸ਼ ਅਧਿਕਾਰ ਹੈ ਕਿ ਇਸ 'ਚ ਕਿਸ ਨੂੰ ਬੁਲਾਇਆ ਜਾਵੇ ਅਤੇ ਕਿਸ ਨੂੰ ਨਹੀਂ। ਜੰਤਰ-ਮੰਤਰ 'ਚ ਜੋ ਅੰਦੋਲਨ ਸ਼ੁਰੂ ਹੋਇਆ ਸੀ ਤਾਂ ਇਸ ਲਈ ਤਾਂ ਨਹੀਂ ਹੋਇਆ ਸੀ, ਉਹ ਇਸ ਲਈ ਤਾਂ ਨਹੀਂ ਹੋਇਆ ਸੀ ਕਿ ਦਿੱਲੀ ਸਰਕਾਰ ਮੈਨੂੰ ਇਫਤਾਰ 'ਚ ਬੁਲਾਏ ਜਾਂ ਨਾ ਬੁਲਾਏ, ਇਸ ਲਈ ਇਹ ਸਵਾਲ ਗੈਰ-ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ 2 ਸਾਲਾਂ ਤੱਕ ਮੈਨੂੰ ਬੁਲਾਇਆ ਗਿਆ ਤਾਂ ਮੈਂ ਉੱਥੇ ਜਾਂਦਾ ਰਿਹਾ ਪਰ ਇਸ ਵਾਰ ਬੁਲਾਵਾ ਨਹੀਂ ਆਇਆ ਤਾਂ ਮੈਂ ਨਹੀਂ ਪੁੱਜਿਆ। ਫਿਲਹਾਲ ਹੁਣ ਕੇਜਰੀਵਾਲ ਅਤੇ ਵਿਸ਼ਵਾਸ ਜੋ ਵੀ ਸਫਾਈ ਦੇਵੇ ਪਰ ਇਕ ਗੱਲ ਤਾਂ ਸਾਫ਼ ਹੈ ਕਿ 'ਆਪ' 'ਚ ਸਭ ਕੁਝ ਠੀਕ ਨਹੀਂ ਹੈ।