ਸੀਲਿੰਗ: ਭੁੱਖ-ਹੜਤਾਲ ਤੋਂ ਕੇਜਰੀਵਾਲ ਦਾ ਯੂ-ਟਰਨ, ਵਪਾਰੀ ਸੰਗਠਨ ਨੇ ਮੰਗਿਆ ਅਸਤੀਫਾ

03/31/2018 11:01:40 AM

ਨੈਸ਼ਨਲ ਡੈਸਕ— ਦਿੱਲੀ 'ਚ ਜਾਰੀ ਸੀਲਿੰਗ ਦੇ ਖਿਲਾਫ ਵਿਰੋਧ ਕਰਦੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 31 ਮਾਰਚ ਨੂੰ ਭੁੱਖ ਹੜਤਾਲ 'ਤੇ ਬੈਠਣ ਦਾ ਐਲਾਨ ਕੀਤਾ ਸੀ, ਜਿਸ ਤੋਂ ਉਨ੍ਹਾਂ ਨੇ ਫਿਲਹਾਲ ਮਨ੍ਹਾ ਕਰ ਦਿੱਤਾ ਹੈ। ਕੇਜਰੀਵਾਲ ਦੇ ਯੂ-ਟਰਨ ਨਾਲ ਵਪਾਰੀ ਸੰਗਠਨ ਕੈਟ ਨੇ ਇਸ ਨੂੰ ਵਪਾਰੀਆਂ ਨਾਲ ਧੋਖਾ ਦੱਸਦੇ ਹੋਏ ਉਨ੍ਹਾਂ ਤੋਂ ਅਸਤੀਫੇ ਦੀ ਮੰਗ ਕੀਤੀ ਹੈ। ਕੰਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ ਯਾਨੀ ਕੈਟ ਦੇ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਭੁੱਖ-ਹੜਤਾਲ ਮੁਲਤਵੀ ਹੋਣ ਤੋਂ ਬਾਅਦ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸੀਲਿੰਗ ਦੇ ਖਿਲਾਫ 31 ਮਾਰਚ ਨੂੰ ਸ਼ੁਰੂ ਹੋਣ ਵਾਲੀ ਭੁੱਖ-ਹੜਤਾਲ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕੀਤਾ ਜਾਣਾ ਦਿੱਲੀ ਦੇ ਵਪਾਰੀਆਂ ਨਾਲ ਵੱਡਾ ਵਿਸ਼ਵਾਸਘਾਤ ਹੈ।
ਸਿਆਸੀ ਸਟੰਟ ਦਾ ਲੱਗਾ ਦੋਸ਼
ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਕੇਜਰੀਵਾਲ ਦਾ ਇਹ ਯੂ-ਟਰਨ ਕੈਟ ਦੇ ਉਸ ਬਿਆਨ ਦੀ ਪੁਸ਼ਟੀ ਕਰਦਾ ਹੈ, ਜਿਸ 'ਚ ਕਿਹਾ ਗਿਆ ਸੀ ਕਿ ਇਹ ਮੁੱਖ ਮੰਤਰੀ ਕੇਜਰੀਵਾਲ ਦਾ ਸਿਆਸੀ ਸਟੰਟ ਹੈ, ਜਿਸ ਦਾ ਮਕਸਦ ਸਿਰਫ ਅਤੇ ਸਿਰਫ ਵਪਾਰੀਆਂ ਦੀ ਹਮਦਰਦੀ ਲੈਣਾ ਹੈ। ਭੁੱਖ ਹੜਤਾਲ ਨੂੰ ਮੁਲਤਵੀ ਕਰਨਾ ਸਾਫ਼ ਦੱਸਦਾ ਹੈ ਕਿ ਮੁੱਖ ਮੰਤਰੀ ਕੇਜਰੀਵਾਲ ਨੂੰ ਵਪਾਰੀਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਖੰਡੇਲਵਾਲ ਨੇ ਕਿਹਾ ਕਿ ਵਪਾਰੀਆਂ ਅਤੇ ਉਨ੍ਹਾਂ ਦੇ ਇੱਥੇ ਕੰਮ ਕਰਨ ਵਾਲੇ ਕਰਮਚਾਰੀਆਂ ਦੀਆਂ ਰੋਜ਼ੀ-ਰੋਟੀ ਨਾਲ ਜੁੜੇ ਇਸ ਬੇਹੱਦ ਗੰਭੀਰ ਅਤੇ ਸੰਵੇਦਨਸ਼ੀਲ ਮੁੱਦੇ ਨਾਲ ਮੁੱਖ ਮੰਤਰੀ ਕੇਜਰੀਵਾਲ ਨੇ ਰਾਜਨੀਤੀ ਕੀਤੀ ਹੈ ਅਤੇ ਵਪਾਰੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ, ਜਿਸ ਨਾਲ ਦਿੱਲੀ ਦੇ ਵਪਾਰੀ ਬੇਹੱਦ ਦੁਖੀ ਹਨ।
ਸ਼ੁਰੂ ਤੋਂ ਬਣਿਆ ਹੋਇਆ ਸੀ ਵਹਿਮ
ਮੁੱਖ ਮੰਤਰੀ ਕੇਜਰੀਵਾਲ ਦੀ ਭੁੱਖ-ਹੜਤਾਲ ਨੂੰ ਲੈ ਕੇ ਦਿੱਲੀ ਦੇ ਵਪਾਰੀਆਂ 'ਚ ਸ਼ੁਰੂ ਤੋਂ ਹੀ ਵਹਿਮ ਬਣਿਆ ਹੋਇਆ ਸੀ, ਜੋ ਭੁੱਖ-ਹੜਤਾਲ ਮੁਲਤਵੀ ਹੁੰਦੇ ਹੀ ਸੱਚ 'ਚ ਬਦਲ ਗਿਆ। ਪਹਿਲਾਂ ਹੀ ਇਸ ਗੱਲ ਦਾ ਸ਼ੱਕ ਜ਼ਾਹਰ ਕੀਤਾ ਗਿਆ ਸੀ ਕਿ ਕੇਜਰੀਵਾਲ ਦੀ ਭੁੱਖ-ਹੜਤਾਲ ਦਾ ਐਲਾਨ ਸਸਤੀ ਲੋਕਪ੍ਰਿਯਤਾ ਕਮਾਉਣ ਦੀ ਯੋਜਨਾ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਅਮਰ ਕਾਲੋਨੀ ਜਾ ਕੇ ਮੁੱਖ ਮੰਤਰੀ ਕੇਜਰੀਵਾਲ ਨੇ 31 ਮਾਰਚ ਤੱਕ ਸੀਲਿੰਗ ਨਾ ਰੁਕਣ 'ਤੇ ਖੁਦ ਭੁੱਖ ਹੜਤਾਲ 'ਤੇ ਬੈਠਣ ਨੂੰ ਕਿਹਾ ਸੀ। ਕੰਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ ਨੇ ਕਿਹਾ ਕਿ ਕੇਜਰੀਵਾਲ ਦੇ ਭੁੱਖ-ਹੜਤਾਲ ਕਰਨ ਨਾਲ ਸੀਲਿੰਗ ਦੇ ਮੁੱਦੇ ਨੂੰ ਜ਼ੋਰ ਮਿਲਦਾ, ਉੱਥੇ ਹੀ ਦੂਜੇ ਪਾਸੇ ਕੇਂਦਰ ਸਰਕਾਰ 'ਤੇ ਵੀ ਦਬਾਅ ਪੈਂਦਾ ਕਿ ਉਹ ਸੀਲਿੰਗ ਦਾ ਜਲਦ ਹੱਲ ਕੱਢਣ।