ਦਿੱਲੀ ਸਰਕਾਰ ਬਚਾਉਣ ਲਈ ਕੇਜਰੀਵਾਲ ਦਾ ਨਵਾਂ ਫਾਰਮੂਲਾ

01/31/2018 12:03:33 PM

ਨਵੀਂ ਦਿੱਲੀ/ਜਲੰਧਰ— ਲਾਭ ਅਹੁਦੇ ਦੇ ਮਾਮਲੇ 'ਚ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ 20 ਵਿਧਾਇਕਾਂ ਦੀ ਮੈਂਬਰਤਾ ਨੂੰ ਖਤਰਾ ਪੈਂਦਾ ਦੇਖ ਅਰਵਿੰਦ ਕੇਜਰੀਵਾਲ ਨੇ ਆਪਣੇ ਭਵਿੱਖ ਦੀ ਰੱਖਿਆ ਲਈ ਨਵਾਂ ਫਾਰਮੂਲਾ ਲੱਭਿਆ ਹੈ ਅਤੇ ਇਸ ਨੂੰ ਆਪਣੇ ਵਿਵਾਦਪੂਰਨ ਵਿਧਾਇਕਾਂ ਨੂੰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ।
ਪਾਰਟੀ ਦੇ 20 ਵਿਧਾਇਕਾਂ ਦੀ ਗੱਦੀ ਨੂੰ ਖਤਰੇ 'ਚ ਦੇਖਦੇ ਹੋਏ ਕੇਜਰੀਵਾਲ ਨੂੰ ਲੱਗਦਾ ਹੈ ਕਿ ਜੇਕਰ ਪਾਰਟੀ 20 ਵਿਧਾਇਕਾਂ ਦੀ ਟਿਕਟ ਕੱਟਦੀ ਹੈ ਤਾਂ ਦਿੱਲੀ 'ਚ ਉੱਪ ਚੋਣਾਂ ਦੇ ਹਾਲਾਤ ਪੈਦਾ ਹੋ ਸਕਦੇ ਹਨ। ਇਸ ਲਈ ਉਨ੍ਹਾਂ ਨੇ ਸਾਰੀ ਤਿਆਰੀ ਪਹਿਲਾਂ ਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ 'ਚੋਂ 66 'ਆਪ' ਦੇ ਕੋਲ ਹਨ ਅਤੇ ਕੇਜਰੀਵਾਲ ਇਸ ਸਥਿਤੀ ਨੂੰ ਹਰ ਹਾਲ 'ਚ ਬਰਕਰਾਰ ਰੱਖਣਾ ਚਾਹੁੰਦੇ ਹਨ।
ਇਸ ਲਈ ਕੇਜਰੀਵਾਲ ਨੇ ਆਪਣੇ ਖਤਰੇ 'ਚ ਚੱਲ ਰਹੇ 20 ਵਿਧਾਇਕਾਂ ਨੂੰ ਜਨਤਾ ਦੇ ਦਰਬਾਰ 'ਚ ਜਾਣ ਦੇ ਆਦੇਸ਼ ਦਿੱਤੇ ਹਨ ਅਤੇ ਸਾਫ਼ ਕਿਹਾ ਹੈ ਕਿ ਜਨਤਾ ਦਾ ਪੱਲਾ ਫੜੋ ਨਹੀਂ ਤਾਂ ਪਾਰਟੀ ਦੀ ਦਿੱਲੀ ਤੋਂ ਛੁੱਟੀ ਸਮਝੋ। ਸੂਤਰਾਂ ਅਨੁਸਾਰ ਤਾਂ ਕੇਜਰੀਵਾਲ ਨੇ ਆਪਣੇ ਵਿਧਾਇਕਾਂ ਦੀ ਗੁਪਤ ਬੈਠਕ ਕਰ ਕੇ ਉਨ੍ਹਾਂ ਨੂੰ ਸਾਫ਼ ਕਿਹਾ ਹੈ ਕਿ ਸਾਡਾ ਵੋਟ ਬੈਂਕ ਆਮ ਵੋਟਰ ਹਨ ਅਤੇ ਜੇਕਰ ਅਸੀਂ ਦਿੱਲੀ 'ਚ ਦੁਬਾਰਾ ਵਾਪਸੀ ਕਰਨੀ ਹੈ ਜਾਂ ਉੱਪ ਚੋਣਾਂ 'ਚ ਦੁਬਾਰਾ ਦਿੱਲੀ 'ਚ ਸਰਕਾਰ ਬਣਾਉਣੀ ਹੈ ਤਾਂ ਜਨਤਾ ਨੂੰ ਇਹ ਵਿਸ਼ਵਾਸ ਦਿਵਾਉਣਾ ਜ਼ਰੂਰੀ ਹੈ ਕਿ 'ਆਪ' ਪਾਰਟੀ ਹੀ ਇਕ ਅਜਿਹੀ ਪਾਰਟੀ ਹੈ, ਜਿਸ ਦੇ ਵਿਧਾਇਕ ਜਨਤਾ ਦਰਮਿਆਨ ਰਹਿੰਦੇ ਹਨ ਅਤੇ ਇਕ ਆਵਾਜ਼ ਲਗਾਉਣ 'ਤੇ ਕੌਂਸਲਰਾਂ ਤੋਂ ਵੀ ਪਹਿਲਾਂ ਹਾਜ਼ਰ ਹੋ ਜਾਂਦੇ ਹਨ।