ਦਿੱਲੀ ''ਚ ਹਰ ''ਨੇਕ ਇਨਸਾਨ'' ਨੂੰ 2000 ਰੁਪਏ ਦੇਵੇਗੀ ਕੇਜਰੀਵਾਲ ਸਰਕਾਰ

11/16/2017 11:32:07 AM

ਨਵੀਂ ਦਿੱਲੀ— ਦੇਸ਼ ਭਰ ਵਿਚ ਹੋਣ ਵਾਲੇ ਸੜਕ ਹਾਦਸਿਆਂ ਵਿਚ ਰੋਜ਼ਾਨਾ ਸੈਂਕੜੇ ਲੋਕ ਆਪਣੀ ਜਾਨ ਗੁਆ ਦਿੰਦੇ ਹਨ। ਇਨ੍ਹਾਂ ਵਿਚ ਜ਼ਿਆਦਾਤਰ ਹਾਦਸੇ ਅਜਿਹੇ ਹੁੰਦੇ ਹਨ, ਜਿਨ੍ਹਾਂ ਵਿਚ ਵਕਤ ਸਿਰ ਮਦਦ ਜਾਂ ਇਲਾਜ ਨਾ ਮਿਲਣ ਕਾਰਨ ਜ਼ਖ਼ਮੀ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਹੁਣ ਦਿੱਲੀ ਸਰਕਾਰ ਇਕ ਪਹਿਲ ਸ਼ੁਰੂ ਕਰਨ ਜਾ ਰਹੀ ਹੈ, ਜਿਸ ਵਿਚ ਸੜਕ ਹਾਦਸੇ ਵਿਚ ਜ਼ਖ਼ਮੀ ਵਿਅਕਤੀ ਦੀ ਮਦਦ ਲਈ ਉਤਸ਼ਾਹਤ ਕੀਤਾ ਜਾਵੇਗਾ।
ਦਿੱਲੀ ਸਰਕਾਰ ਸੜਕ ਹਾਦਸੇ ਦੇ ਸ਼ਿਕਾਰ ਲੋਕਾਂ ਨੂੰ ਹਸਪਤਾਲ ਪਹੁੰਚਾਉਣ ਵਿਚ ਮਦਦ ਕਰਨ ਵਾਲੇ ਨੇਕ ਇਨਸਾਨ ਨੂੰ 2000 ਰੁਪਏ ਉਤਸ਼ਾਹ ਰਾਸ਼ੀ ਦੇਣ ਦੀ ਇਕ ਯੋਜਨਾ ਜਲਦੀ ਸ਼ੁਰੂ ਕਰੇਗੀ। ਦਿੱਲੀ ਦੇ ਸਿਹਤ ਮੰਤਰੀ ਨੇ ਹੈਦਰਾਬਾਦ ਵਿਚ ਇਕ ਪ੍ਰੋਗਰਾਮ ਵਿਚ ਬੋਲਦੇ ਹੋਏ ਇਹ ਜਾਣਕਾਰੀ ਦਿੱਤੀ। ਸਿਹਤ ਮੰਤਰੀ ਸਤਿੰਦਰ ਜੈਨ ਨੇ ਦੱਸਿਆ ਕਿ 'ਨੇਕ ਇਨਸਾਨ' ਯੋਜਨਾ ਨਾਲ ਸਰਕਾਰ ਨੂੰ ਉਮੀਦ ਹੈ ਕਿ ਹਾਦਸੇ ਦੇ ਪੀੜਤਾਂ ਨੂੰ ਹਸਪਤਾਲ ਪਹੁੰਚਾਉਣ ਵਿਚ ਲੱਗਣ ਵਾਲਾ ਸਮਾਂ ਘੱਟ ਹੋਵੇਗਾ।