ਕੇਜਰੀਵਾਲ, ਸਿਸੌਦੀਆ ਦੇ ਖਿਲਾਫ 23 ਅਗਸਤ ਨੂੰ ਅਦਾਲਤ ਲਵੇਗੀ ਵੱਡਾ ਫੈਸਲਾ

08/08/2017 6:00:17 PM

ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਦੇ ਖਿਲਾਫ ਇਕ ਅਪਰਾਧਕ ਮਾਣਹਾਨੀ ਸ਼ਿਕਾਇਤ ਮਾਮਲੇ 'ਚ ਦੋਸ਼ ਤੈਅ ਕਰਨ ਲਈ 23 ਅਗਸਤ ਦੀ ਤਾਰੀਕ ਤੈਅ ਕੀਤੀ ਹੈ। ਚੀਫ ਜਸਟਿਸ ਪ੍ਰਾਂਜਲ ਅਨੇਜਾ ਨੇ ਮੰਗਲਵਾਰ ਨੂੰ ਮਾਮਲੇ 'ਚ ਦੋਸ਼ ਤੈਅ ਕਰਨਾ ਸੀ। ਉਹ ਛੁੱਟੀ 'ਤੇ ਸਨ। ਅਦਾਲਤ ਨੇ ਇਸ ਤੋਂ ਪਹਿਲਾਂ ਦੋਵੇਂ 'ਆਪ' ਨੇਤਾਵਾਂ ਅਤੇ ਯੋਗੇਂਦਰ ਯਾਦਵ ਨੂੰ ਮੰਗਲਵਾਰ ਨੂੰ ਅਦਾਲਤ ਦੇ ਸਾਹਮਣੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਸੀ। 
ਕੇਜਰੀਵਾਲ ਅਤੇ ਸਿਸੌਦੀਆ ਨੇ ਇਸ ਆਧਾਰ 'ਤੇ ਛੁੱਟ ਦੀ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਅੱਜ ਤੋਂ ਸ਼ੁਰੂ ਹੋ ਰਹੇ ਦਿੱਲੀ ਵਿਧਾਨ ਸਭਆ ਦੇ ਚਾਰ ਦਿਨਾ ਮਾਨਸੂਨ ਸੈਸ਼ਨ 'ਚ ਹਿੱਸਾ ਲੈਣਾ ਹੋਵੇਗਾ, ਜਦੋਂ ਕਿ ਯਾਦਵ ਅਦਾਲਤ 'ਚ ਹਾਜ਼ਰ ਸਨ। ਅਦਾਲਤ ਨੇ ਪਟੀਸ਼ਨ ਖਾਰਜਕਰਨ ਦਾ ਦੋਹਾਂ 'ਆਪ' ਨੇਤਾਵਾਂ ਅਤੇ ਯੋਗੇਂਦਰ ਯਾਦਵ ਦੀ ਅਪੀਲ ਅਸਵੀਕਾਰ ਕਰਦੇ ਹੋਏ 2 ਅਗਸਤ ਨੂੰ ਵਕੀਲ ਸਰੇਂਦਰ ਕੁਮਾਰ ਸ਼ਰਮਾ ਵੱਲੋਂ ਦਾਇਰ ਅਪਰਾਧਕ ਮਾਣਹਾਨੀ ਸ਼ਿਕਾਇਤ 'ਤੇ ਦੋਸ਼ ਤੈਅ ਕਰਨ ਬਾਰੇ ਆਦੇਸ਼ ਦਿੱਤਾ ਸੀ। 

ਆਮ ਆਦਮੀ ਪਾਰਟੀ ਨੇ ਸੁਰੇਂਦਰ ਕੁਮਾਰ ਸ਼ਰਮਾ ਨੂੰ ਪਾਰਟੀ ਦਾ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਅਦਾਲਤ ਨੇ ਆਦੇਸ਼ 'ਚ ਕਿਹਾ ਸੀ ਕਿ ਦੋਸ਼ੀ ਵਿਅਕਤੀਆਂ ਦੀਆਂ ਦਲੀਲਾਂ 'ਚ ਕੋਈ ਦਮ ਨਹੀਂ ਹੈ ਅਤੇ ਉਹ ਉਨ੍ਹਾਂ ਦੇ ਖਿਲਾਫ ਸੀ.ਆਰ.ਪੀ.ਸੀ. ਦੇ ਅਧੀਨ ਦੋਸ਼ ਤੈਅ ਕਰੇਗੀ। ਯਾਦਵ ਸਾਲ 2015 ਤੱਕ 'ਆਪ' ਦੀ ਰਾਸ਼ਟਰੀ ਕਾਰਜਕਾਰਣੀ ਦੇ ਮੈਂਬਰ ਸਨ, ਜਿਨ੍ਹਾਂ ਨੂੰ ਕਥਿਤ ਪਾਰਟੀ-ਵਿਰੋਧੀ ਗਤੀਵਿਧੀਆਂ ਲਈ ਬਰਖ਼ਾਸਤ ਕਰ ਦਿੱਤਾ ਗਿਆ ਸੀ। ਬਾਅਦ 'ਚ ਉਨ੍ਹਾਂ ਨੇ ਸਵਰਾਜ ਇੰਡੀਆ ਨਾਂ ਨਾਲ ਆਪਣੀ ਪਾਰਟੀ ਦਾ ਗਠਨ ਕੀਤਾ। ਸ਼ਰਮਾ ਨੇ ਆਪਣੀ ਸ਼ਿਕਾਇਤ 'ਚ ਦੋਸ਼ ਲਾਇਆ ਸੀ ਕਿ ਸਾਲ 2013 'ਚ 'ਆਪ' ਵਰਕਰਾਂ ਨੇ ਇਹ ਕਹਿ ਕੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ ਕਿ ਕੇਜਰੀਵਾਲ ਉਨ੍ਹਾਂ ਦੇ ਸਮਾਜਿਕ ਕੰਮਾਂ ਤੋਂ ਖੁਸ਼ ਹਨ ਅਤੇ ਉਨ੍ਹਾਂ ਨੂੰ ਪਾਰਟੀ ਦੀ ਟਿਕਟ 'ਤੇ ਦਿੱਲੀ ਵਿਧਾਨ ਸਭਾ ਦੀ ਚੋਣ ਲੜਨ ਲਈ ਕਿਹਾ ਸੀ। ਸਿਸੌਦੀਆ ਅਤੇ ਯਾਦਵ ਨੇ ਉਨ੍ਹਾਂ ਨੂੰ ਕਿਹਾ ਸੀ ਕਿ 'ਆਪ' ਦੀ ਸਿਆਸੀ ਮਾਮਲਿਆਂ ਦੀ ਕਮੇਟੀ ਨੇ ਉਨ੍ਹਾਂ ਨੂੰ ਟਿਕਟ ਦੇਣ ਦਾ ਫੈਸਲਾ ਕੀਤਾ ਹੈ, ਜਿਸ ਤੋਂ ਬਾਅਦ ਸ਼ਰਮਾ ਨੇ ਚੋਣਾਂ ਲੜਨ ਲਈ ਅਰਜ਼ੀ ਪੱਤਰ ਭਰਿਆ ਸੀ। ਫਿਲਹਾਲ ਬਾਅਦ 'ਚ ਉਨ੍ਹਾਂ ਨੂੰ ਪਾਰਟੀ ਦਾ ਟਿਕਟ ਨਹੀਂ ਮਿਲਿਆ ਸੀ।