PM ਮੋਦੀ ਦੇ ਦੌਰੇ ਤੋਂ ਬਾਅਦ ਕੇਦਾਰਨਾਥ ਦੀ ‘ਰੁਦਰ ਗੁਫਾ’ ਦੀ ਹੋ ਰਹੀ ਹੈ ਪ੍ਰੀ-ਬੁਕਿੰਗ

09/02/2019 11:35:28 AM

ਨਵੀਂ ਦਿੱਲੀ— ਕੇਦਾਰਨਾਥ ’ਚ ਰੁਦਰ ਧਿਆਨ ਨਾਮੀ ਗੁਫਾ ’ਚ ਕਦੇ ਸੰਨਾਟਾ ਪਸਰਿਆ ਰਹਿੰਦਾ ਸੀ, ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਧਿਆਨ ਲਾਉਣ ਤੋਂ ਬਾਅਦ ਗੁਲਜ਼ਾਰ ਹੋ ਗਈ ਹੈ। ਕਹਿਣ ਦਾ ਭਾਵ ਹੈ ਹੁਣ ਉੱਥੇ ਰੌਣਕ ਜਿਹੀ ਲੱਗ ਗਈ ਹੈ। ਪਹਿਲੀ ਵਾਰ ਉਸ ਲਈ 78 ਪ੍ਰੀ-ਬੁਕਿੰਗ ਹੋਈ ਹੈ। ਸਾਲ 2018 ’ਚ ਇਹ ਗੁਫਾ ਆਮ ਲੋਕਾਂ ਲਈ ਖੋਲ੍ਹੀ ਗਈ ਸੀ ਅਤੇ ਉਦੋਂ ਤੋਂ ਪਹਿਲੀ ਵਾਰ ਸਤੰਬਰ ਲਈ 19 ਅਤੇ ਅਕਤੂਬਰ ਲਈ 10 ਸੈਲਾਨੀਆਂ ਨੇ ਪਹਿਲਾਂ ਤੋਂ ਹੀ ਬੁਕਿੰਗ ਕਰਵਾਈ ਹੈ। ਇੱਥੇ ਦੱਸ ਦੇਈਏ ਕਿ ਇਸ ਸਾਲ ਮਈ ’ਚ ਆਮ ਚੋਣਾਂ ਦੇ ਆਖਰੀ ਦਿਨਾਂ ਦੌਰਾਨ ਮੋਦੀ ਨੇ ਉੱਤਰਾਖੰਡ ’ਚ ਕੇਦਾਰਨਾਥ ਧਾਮ ਤੋਂ ਸਿਰਫ ਇਕ ਕਿਲੋਮੀਟਰ ਦੂਰ ਰੁਦਰ ਗੁਫਾ ਵਿਚ ਇਕ ਦਿਨ ਧਿਆਨ ਲਾ ਕੇ ਬਿਤਾਇਆ ਸੀ। ਇਸ ਗੁਫਾ ਦਾ ਪ੍ਰਬੰਧਨ ਗੜ੍ਹਵਾਲ ਮੰਡਲ ਵਿਕਾਸ ਨਿਗਮ ਦੇ ਜ਼ਿੰਮੇ ਹੈ।

ਪੀ. ਐੱਮ. ਮੋਦੀ ਦੀ ਯਾਤਰਾ ਦੇ ਤੁਰੰਤ ਬਾਅਦ ਗੁਫਾ ਲਈ ਮਈ ’ਚ 4, ਜੂਨ ’ਚ 28, ਜੁਲਾਈ ’ਚ 10, ਅਗਸਤ ’ਚ 8, ਸਤੰਬਰ ’ਚ 19 ਅਤੇ ਅਕਤੂਬਰ ’ਚ 10 ਬੁਕਿੰਗ ਹੋਈਆਂ। ਨਿਗਮ ਦੇ ਇਕ ਅਧਿਕਾਰੀ ਨੇ ਕਿਹਾ ਕਿ ਸਾਨੂੰ ਸਤੰਬਰ ਅਤੇ ਅਕਤੂਬਰ ਦੀਵਾਲੀ ਤਕ ਹੋਰ ਬੁਕਿੰਗ ਮਿਲਣ ਦਾ ਯਕੀਨ ਹੈ, ਜਦੋਂ ਸਰਦੀ ਪੈਣ ਲੱਗਦੀ ਹੈ। ਉਸ ਤੋਂ ਬਾਅਦ ਅਸੀਂ ਮਈ 2020 ਲਈ ਬੁਕਿੰਗ ਕਰਾਂਗੇ। ਇਸ ਗੁਫਾ ਨੂੰ ਰਾਤ ਲਈ 1500 ਰੁਪਏ ਅਤੇ ਦਿਨ ’ਚ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤਕ ਲਈ 999 ਰੁਪਏ ਵਿਚ ਬੁਕ ਕਰਵਾਇਆ ਜਾ ਸਕਦਾ ਹੈ।

ਅਧਿਕਾਰੀ ਨੇ ਕਿਹਾ ਕਿ ਇਹ ਗੁਫਾ ਧਿਆਨ ਲਾਉਣ ਲਈ ਹੈ, ਇਸ ਲਈ ਇਕ ਵਾਰ ਵਿਚ ਸਿਰਫ ਇਕ ਵਿਅਕਤੀ ਨੂੰ ਇੱਥੇ ਜਾਣ ਦੀ ਆਗਿਆ ਹੁੰਦੀ ਹੈ। ਉਂਝ ਤਾਂ ਗੁਫਾ ਇਕਾਂਤ ਥਾਂ ਹੈ ਪਰ ਉਸ ’ਚ ਇਕ ਫੋਨ ਲਾਇਆ ਗਿਆ ਹੈ, ਜਿਸ ਨੂੰ ਐਮਰਜੈਂਸੀ ਸਥਿਤੀ ’ਚ ਯਾਤਰੀ ਇਸਤੇਮਾਲ ਕਰ ਸਕਦੇ ਹਨ। ਇਸ ਗੁਫਾ ਵਿਚ ਯਾਤਰੀਆਂ ਲਈ ਬਿਜਲੀ-ਪਾਣੀ ਦੀ ਵਿਵਸਥਾ ਹੈ ਅਤੇ ਇਸ ਦੇ ਅੰਦਰ ਬਾਥਰੂਮ ਅਤੇ ਹੀਟਰ ਵੀ ਹੈ। ਇੱਥੇ ਸੈਲਾਨੀਆਂ ਨੂੰ ਸਵੇਰ ਦੀ ਚਾਹ, ਨਾਸ਼ਤਾ, ਲੰਚ, ਸ਼ਾਮ ਦੀ ਚਾਹ ਅਤੇ ਡਿਨਰ ਵੀ ਪਰੋਸਿਆ ਜਾਂਦਾ ਹੈ। ਗੁਫਾ ’ਚ ਇਕ ਘੰਟੀ ਵੀ ਲੱਗੀ ਹੈ, ਜਿਸ ਨੂੰ ਵਜਾ ਕੇ ਸਹਾਇਕ ਨੂੰ ਬੁਲਾਇਆ ਜਾ ਸਕਦਾ ਹੈ। ਗੁਫਾ ਵਿਚ ਯਾਤਰੀਅ ਲਈ 24 ਘੰਟੇ ਸਹਾਇਕ ਦੀ ਵਿਵਸਥਾ ਕੀਤੀ ਗਈ ਹੈ।

Tanu

This news is Content Editor Tanu