ਕੇਦਾਰਨਾਥ ਧਾਮ ਦੇ ਦਰਸ਼ਨ ਹੋਣਗੇ ਹੁਣ ਸੌਖਾਲੇ, ਨਹੀਂ ਲੱਗਣਾ ਪਵੇਗਾ ਲਾਈਨ ''ਚ

04/26/2019 10:41:31 AM

ਰੁਦਰਪ੍ਰਯਾਗ— ਚਾਰ ਧਾਮ ਯਾਤਰਾ ਲਈ ਸ਼ਰਧਾਲੂਆਂ 'ਚ ਕਾਫੀ ਉਤਸ਼ਾਹ ਹੁੰਦਾ ਹੈ। ਸਾਲ 2013 ਦੀ ਕੇਦਾਰਨਾਥ ਤ੍ਰਾਸਦੀ ਤੋਂ ਬਾਅਦ ਵੀ ਸ਼ਰਧਾਲੂਆਂ ਦੇ ਮਨਾਂ ਵਿਚ ਦਰਸ਼ਨਾਂ ਦੀ ਤਾਂਘ ਘੱਟ ਨਹੀਂ ਹੋਈ ਹੈ। ਇਸ ਭਿਆਨਕ ਤ੍ਰਾਸਦੀ ਕਾਰਨ ਕੇਦਾਰਨਾਥ ਧਾਮ ਵਿਚ ਬਹੁਤ ਕੁਝ ਤਬਾਹ ਹੋ ਗਿਆ, ਵੱਡੀ ਗਿਣਤੀ 'ਚ ਲੋਕ ਮਾਰੇ ਗਏ ਅਤੇ ਕਈ ਅਜੇ ਵੀ ਲਾਪਤਾ ਹਨ। ਇਸ ਵਾਰ ਕੇਦਾਰਨਾਥ ਧਾਮ ਦੇ ਕਿਵਾੜ 9 ਮਈ ਨੂੰ ਸ਼ਰਧਾਲੂਆਂ ਲਈ ਖੋਲ੍ਹੇ ਜਾਣਗੇ। ਪ੍ਰਸ਼ਾਸਨ ਅਤੇ ਮੰਦਰ ਕਮੇਟੀ ਨੇ ਇਸ ਵਾਰ ਦਰਸ਼ਨਾਂ ਲਈ ਟੋਕਨ ਦੀ ਵਿਵਸਥਾ ਕੀਤੀ ਹੈ। ਯਾਤਰਾ ਦੀ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚਲ ਰਹੀਆਂ ਹਨ। ਪਹਿਲਾਂ ਯਾਤਰੀਆਂ ਨੂੰ ਘੰਟਿਆਂ ਬੱਧੀ ਲਾਈਨ ਵਿਚ ਖੜ੍ਹਾ ਹੋਣਾ ਪੈਂਦਾ ਸੀ। ਇਸ ਨਾਲ ਖਾਸ ਕਰ ਕੇ ਔਰਤਾਂ ਅਤੇ ਬੱਚਿਆਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਸੀ। ਬਦਰੀਨਾਥ, ਗੰਗੋਤਰੀ ਅਤੇ ਯਮੁਨੋਤਰੀ ਧਾਮ 'ਚ ਯਾਤਰਾ ਦੀਆਂ ਤਿਆਰੀਆਂ ਲਈ ਵਿਵਸਥਾ ਦਰੁੱਸਤ ਕੀਤੀ ਜਾ ਰਹੀ ਹੈ।



ਟੋਕਨ ਦੀ ਇਹ ਵਿਵਸਥਾ 9 ਮਈ ਨੂੰ ਕਿਵਾੜ ਖੁੱਲ੍ਹਣ ਦੇ ਨਾਲ ਹੀ ਸ਼ੁਰੂ ਹੋ ਜਾਵੇਗੀ। ਓਧਰ ਸ੍ਰੀ ਹੇਮਕੁੰਟ ਸਾਹਿਬ 'ਚ ਹੁਣ ਵੀ 13 ਫੁੱਟ ਤਕ ਬਰਫ ਜੰਮੀ ਹੋਈ ਹੈ। ਗੁਰਦੁਆਰਾ ਸਾਹਿਬ ਪੂਰੀ ਤਰ੍ਹਾਂ ਨਾਲ ਬਰਫ ਨਾਲ ਢੱਕਿਆ ਹੋਇਆ ਹੈ। ਸ੍ਰੀ ਹੇਮਕੁੰਟ ਸਾਹਿਬ ਅਜੇ ਰਸਤਾ ਘਾਂਘਰੀਆ ਤੋਂ ਅੱਗੇ ਬੰਦ ਹੈ। 

ਫੌਜ ਦੇ ਜਵਾਨ ਬਰਫ ਹਟਾਉਣ ਦੇ ਕੰਮ ਵਿਚ ਲੱਗੇ ਹੋਏ ਹਨ। ਫੌਜ ਦੇ ਜਵਾਨਾਂ ਨਾਲ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦਾ ਅਧਿਕਾਰੀਆਂ ਨੇ ਬਰਫ 'ਤੇ ਚੱਲ ਕੇ ਸ੍ਰੀ ਹੇਮਕੁੰਟ ਸਾਹਿਬ ਤਕ ਦਾ ਸਫਰ ਤੈਅ ਕੀਤਾ। ਸ੍ਰੀ ਹੇਮਕੁੰਟ ਸਾਹਿਬ ਸਮੇਤ ਲਕਸ਼ਮਣ ਮੰਦਰ ਅਤੇ ਹੇਮਕੁੰਟ ਸਰੋਵਰ ਬਰਫ ਨਾਲ ਢੱਕਿਆ ਹੋਇਆ ਹੈ। ਇੱਥੇ ਦੱਸ ਦੇਈਏ ਕਿ 1 ਜੂਨ ਨੂੰ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਹੋਣੀ ਹੈ ਅਤੇ ਉਸ ਤੋਂ ਪਹਿਲਾਂ ਬਰਫ ਕੱਟ ਕੇ ਰਸਤਾ ਬਣਾਇਆ ਜਾਵੇਗਾ।

Tanu

This news is Content Editor Tanu