ਕਠੂਆ ਜਬਰ ਜ਼ਨਾਹ ਕੇਸ : ਮੁੱਖ ਜਾਂਚਕਰਤਾ ਨੂੰ ਰਹੇਗਾ ਇਸ ਗੱਲ ਦਾ ਦੁੱਖ

06/11/2019 4:08:28 PM

ਜੰਮੂ (ਭਾਸ਼ਾ)— ਜੰਮੂ-ਕਸ਼ਮੀਰ ਦੇ ਕੂਠਆ ਵਿਚ ਜਨਵਰੀ 2018 ਨੂੰ 8 ਸਾਲਾ ਬੱਚੀ ਨਾਲ ਸਮੂਹਿਕ ਬਲਾਤਕਾਰ ਅਤੇ ਕਤਲ ਦੀ ਘਟਨਾ ਦੇ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ। ਇਸ ਕੇਸ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਮੁੱਖ ਜਾਂਚਕਰਤਾ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਪੁਲਸ ਅਧਿਕਾਰੀ ਰਾਕੇਸ਼ ਕੁਮਾਰ ਜੱਲਾ ਨੇ ਕਿਹਾ ਕਿ ਮੁੱਖ ਦੋਸ਼ੀ ਸਾਂਜੀ ਰਾਮ ਦੇ ਬੇਟੇ ਵਿਸ਼ਾਲ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦਾ ਹਮੇਸ਼ਾ ਦੁੱਖ ਰਹੇਗਾ ਕਿ ਸ਼ੱਕ ਦੇ ਆਧਾਰ 'ਤੇ ਵਿਸ਼ਾਲ ਨੂੰ ਰਿਹਾਅ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੈਂ ਸਿਰਫ ਇੰਨੀ ਹੀ ਉਮੀਦ ਕਰ ਸਕਦਾ ਹਾਂ ਕਿ ਵਿਸ਼ਾਲ ਨੂੰ ਬਰੀ ਕੀਤੇ ਜਾਣ ਨੂੰ ਚੁਣੌਤੀ ਦੇਣ ਲਈ ਪਟੀਸ਼ਨ ਦਾਇਰ ਕੀਤੀ ਜਾਵੇਗੀ। ਜੱਲਾ ਨੇ ਇਹ ਵੀ ਕਿਹਾ ਕਿ ਸਾਂਜੀ ਰਾਮ ਦੇ ਬੇਟੇ ਵਿਸ਼ਾਲ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ। 
ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ ਵਿਚ ਦੋਸ਼ੀਆਂ ਦੀ ਸ਼ਮੂਲੀਅਤ ਦਾ ਪਤਾ ਲਾਉਣਾ ਘਾਹ ਦੇ ਢੇਰ ਵਿਚੋਂ ਸੂਈ ਲੱਭਣ ਦੇ ਬਰਾਬਰ ਸੀ। ਜਨਵਰੀ ਦੀ ਹੱਡ ਕੰਬਾਊ ਠੰਡ ਵਿਚ ਸਾਂਜੀ ਰਾਮ ਦੇ ਚਿਹਰੇ 'ਤੇ ਆਏ ਪਸੀਨੇ ਤੋਂ ਉਨ੍ਹਾਂ ਨੂੰ ਸ਼ੱਕ ਹੋ ਗਿਆ ਸੀ ਕਿ ਦਾਲ ਵਿਚ ਕੁਝ ਕਾਲਾ ਜ਼ਰੂਰ ਹੈ। ਪਠਾਨਕੋਟ 'ਚ ਸੈਸ਼ਨ ਅਦਾਲਤ ਨੇ ਪੁਜਾਰੀ ਸਾਂਜੀ ਰਾਮ, ਦੀਪਕ ਖਜੂਰੀਆ ਅਤੇ ਪ੍ਰਵੇਸ਼ ਕੁਮਾਰ ਨੂੰ ਬੱਚੀ ਨਾਲ ਸਮੂਹਿਕ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿਚ ਸੋਮਵਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਬਾਕੀ ਦੇ 3 ਦੋਸ਼ੀਆਂ—ਆਨੰਦ ਦੱਤਾ, ਸੁਰਿੰਦਰ ਕੁਮਾਰ ਅਤੇ ਤਿਲਕ ਰਾਜ ਨੂੰ 5-5 ਸਾਲ ਦੀ ਸਜ਼ਾ ਸੁਣਾਈ। ਇਹ ਤਿੰਨੋਂ ਬਰਖਾਸਤ ਪੁਲਸ ਕਰਮੀ ਸਨ। ਇਸ ਮਾਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਇਹ ਮਾਮਲਾ 27 ਜਨਵਰੀ 2018 ਨੂੰ ਜੰਮੂ ਅਪਰਾਧ ਸ਼ਾਖਾ ਨੂੰ ਸੌਂਪਿਆ ਗਿਆ ਸੀ। ਜੱਲਾ ਨੂੰ ਮਾਮਲੇ ਦੀ ਜਾਂਚ ਸੌਂਪੀ ਗਈ ਸੀ। ਜੱਲਾ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਮਾਮਲੇ ਨੂੰ ਸੁਲਝਾਉਂਦੇ ਸਮੇਂ ਕਿੰਨੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਮੇਰੇ 'ਤੇ ਜਾਂ ਮੇਰੀ ਟੀਮ 'ਤੇ ਕਿਸੇ ਪ੍ਰਕਾਰ ਦਾ ਸਿਆਸੀ ਦਬਾਅ ਨਹੀਂ ਸੀ ਅਤੇ ਅਸੀਂ ਪੂਰੀ ਵਚਨਬੱਧਤਾ ਅਤੇ ਈਮਾਨਦਾਰੀ ਨਾਲ ਆਪਣਾ ਕੰਮ ਕੀਤਾ। ਜੱਲਾ ਇਸ ਸਾਲ 31 ਮਾਰਚ ਨੂੰ ਸੀਨੀਅਰ ਪੁਲਸ ਸੁਪਰਡੈਂਟ (ਅਪਰਾਧ ਸ਼ਾਖਾ) ਦੇ ਤੌਰ 'ਤੇ ਸੇਵਾ ਮੁਕਤ ਹੋਏ ਜੱਲਾ ਦੀ ਭੂਮਿਕਾ ਦੀ ਪ੍ਰਸ਼ੰਸਾ ਮਾਮਲੇ ਦੀ ਇਸਤਗਾਸਾ ਪੱਖ ਦੀ ਟੀਮ ਨੇ ਵੀ ਕੀਤੀ। ਉਨ੍ਹਾਂ ਨੇ ਮਾਮਲੇ ਲਈ ਮਜ਼ਬੂਤ ਆਧਾਰ ਤਿਆਰ ਕੀਤਾ, ਜਿਸ ਕਾਰਨ ਬਚਾਅ ਪੱਖ ਦੇ ਗਵਾਹ ਅਤੇ ਸਬੂਤ ਕਮਜ਼ੋਰ ਪੈ ਗਏ।
ਕਠੂਆ ਜਬਰ-ਜ਼ਨਾਹ ਦਾ ਪੂਰਾ ਘਟਨਾਕ੍ਰਮ—
* 10 ਜਨਵਰੀ 2018 : ਜੰਮੂ-ਕਸ਼ਮੀਰ ਦੇ ਕਠੂਆ ਜ਼ਿਲੇ ਦੇ ਰਸਾਨਾ ਪਿੰਡ ਵਿਚ ਬਕਰਵਾਲ ਕਬੀਲੇ ਦੀ 8 ਸਾਲਾ ਬੱਚੀ ਪਸ਼ੂਆਂ ਨੂੰ ਚਰਾਉਂਦੇ ਸਮੇਂ ਲਾਪਤਾ ਹੋਈ।
* 12 ਜਨਵਰੀ 2018 : ਬੱਚੀ ਦੇ ਪਿਤਾ ਦੀ ਸ਼ਿਕਾਇਤ 'ਤੇ ਹੀਰਾਨਗਰ ਪੁਲਸ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ।
* 17 ਜਨਵਰੀ 2018 : ਬੱਚੀ ਦੀ ਲਾਸ਼ ਬਰਾਮਦ। ਪੋਸਟਮਾਰਟਮ ਵਿਚ ਬੱਚੀ ਨਾਲ ਸਮੂਹਿਕ ਬਲਾਤਕਾਰ ਅਤੇ ਕਤਲ ਦੀ ਪੁਸ਼ਟੀ ਹੋਈ।
* 22 ਜਨਵਰੀ 2018 : ਮਾਮਲਾ ਜੰਮੂ-ਕਸ਼ਮੀਰ ਅਪਰਾਧ ਸ਼ਾਖਾ ਨੂੰ ਸੌਂਪਿਆ ਗਿਆ।
* 16 ਫਰਵਰੀ 2018 : ਦੱਖਣ ਪੰਥੀ ਸਮੂਹ 'ਹਿੰਦੂ ਏਕਤਾ ਮੰਚ' ਨੇ ਇਕ ਦੋਸ਼ੀ ਦੇ ਸਮਰਥਨ ਵਿਚ ਪ੍ਰਦਰਸ਼ਨ ਕੀਤਾ। 
* 9 ਅਪ੍ਰੈਲ 2018 : ਪੁਲਸ ਨੇ 8 ਦੋਸ਼ੀਆਂ 'ਚੋਂ 7 ਵਿਰੁੱਧ ਕਠੂਆ ਅਦਾਲਤ ਵਿਚ ਦੋਸ਼ ਪੱਤਰ ਦਾਇਰ ਕੀਤਾ।
* 10 ਅਪ੍ਰੈਲ 2018 : 8ਵੇਂ ਦੋਸ਼ੀ ਵਿਰੁੱਧ ਵੀ ਦੋਸ਼ ਪੱਤਰ ਦਾਇਰ ਕੀਤਾ ਗਿਆ, ਜਿਸ ਨੇ ਨਾਬਾਲਗ ਹੋਣ ਦਾ ਦਾਅਵਾ ਕੀਤਾ ਸੀ। 
* 14 ਅਪ੍ਰੈਲ 2018 : ਹਿੰਦੂ ਏਕਤਾ ਮੰਚ ਦੀ ਰੈਲੀ ਵਿਚ ਸ਼ਰੀਕ ਹੋਏ ਭਾਜਪਾ ਦੇ ਮੰਤਰੀਆਂ ਨੇ ਸੂਬਾ ਕੈਬਨਿਟ ਤੋਂ ਅਸਤੀਫਾ ਦਿੱਤਾ। 
* 16 ਅਪ੍ਰੈਲ 2018 : ਕਠੂਆ 'ਚ ਸੈਸ਼ਨ ਅਦਾਲਤ ਦੇ ਜੱਜ ਦੇ ਸਾਹਮਣੇ ਸੁਣਵਾਈ ਸ਼ੁਰੂ ਹੋਈ। ਸਾਰੇ ਦੋਸ਼ੀਆਂ ਨੇ ਖੁਦ ਨੂੰ ਬੇਕਸੂਰ ਕਿਹਾ।
* 7 ਮਈ 2018 : ਸੁਪਰੀਮ ਕੋਰਟ ਨੇ ਸੁਣਵਾਈ ਲਈ ਮਾਮਲਾ ਕਠੂਆ ਤੋਂ ਪੰਜਾਬ ਦੇ ਪਠਾਨਕੋਟ ਸੈਸ਼ਨ ਅਦਾਲਤ ਵਿਚ ਟਰਾਂਸਫਰ ਕੀਤਾ। ਅਦਾਲਤ ਨੇ ਮਾਮਲੇ ਦੀ ਸੁਣਵਾਈ ਜਲਦੀ ਕਰਨ ਦਾ ਨਿਰਦੇਸ਼ ਦਿੱਤਾ ਅਤੇ ਕਿਹਾ ਕਿ ਸੁਣਵਾਈ ਮੀਡੀਆ ਤੋਂ ਦੂਰ ਅਤੇ ਬੰਦ ਕਮਰੇ ਵਿਚ ਹੋਵੇ। 
* 3 ਜੂਨ 2019 : ਮਾਮਲੇ ਦੀ ਸੁਣਵਾਈ ਪੂਰੀ ਹੋਈ।


Tanu

Content Editor

Related News