ਕਠੂਆ ਕਾਂਡ : ਸੁਪਰੀਮ ਕੋਰਟ ਨੇ ਪੀੜਤ ਪਰਿਵਾਰ ਤੇ ਵਕੀਲ ਨੂੰ ਸੁਰੱਖਿਆ ਦੇਣ ਦੇ ਦਿੱਤੇ ਹੁਕਮ

04/17/2018 12:44:22 AM

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਸੋਮਵਾਰ ਨੂੰ ਜੰਮੂ-ਕਸ਼ਮੀਰ ਸਰਕਾਰ ਨੂੰ ਹੁਕਮ ਦਿੱਤੇ ਕਿ ਕਠੂਆ ਸਮੂਹਿਕ ਬਲਾਤਕਾਰ ਅਤੇ ਕਤਲ ਕਾਂਡ ਦੀ ਵਾਰਦਾਤ ਤੋਂ ਪੀੜਤ ਪਰਿਵਾਰ, ਉਸ ਦਾ ਮੁਕੱਦਮਾ ਲੜ ਰਹੀ ਵਕੀਲ ਅਤੇ ਪਰਿਵਾਰ ਦੇ ਇਕ ਮਿੱਤਰ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ। ਮੁੱਖ ਜੱਜ ਦੀਪਕ ਮਿਸ਼ਰਾ, ਜੱਜ ਏ. ਐੱਮ. ਖਾਨਵਿਲਕਰ ਅਤੇ ਜੱਜ ਧਨਜੈ ਵਾਈ ਚੰਦਰਚੂੜ ਦੀ 3 ਮੈਂਬਰੀ ਬੈਠਕ ਨੇ ਇਸ ਮੁਕੱਦਮੇ ਨੂੰ ਕਠੂਆ ਤੋਂ ਬਾਹਰ ਚੰਡੀਗੜ੍ਹ ਭੇਜਣ ਦੀ ਮ੍ਰਿਤਕ ਬੱਚੀ ਦੇ ਪਿਤਾ ਦੀ ਅਪੀਲ 'ਤੇ ਸੂਬਾ ਸਰਕਾਰ ਤੋਂ ਜਵਾਬ ਮੰਗਿਆ ਹੈ। ਇਸ ਮਾਮਲੇ ਦੀ ਸੁਣਵਾਈ ਦੌਰਾਨ ਮ੍ਰਿਤਕ ਬੱਚੀ ਦੇ ਪਿਤਾ ਨੇ ਇਸ ਮਾਮਲੇ 'ਚ ਹੁਣ ਤਕ ਦੀ ਜੰਮੂ-ਕਸ਼ਮੀਰ ਪੁਲਸ ਦੀ ਜਾਂਚ 'ਤੇ ਸੰਤੋਸ਼ ਜ਼ਾਹਰ ਕਰਦੇ ਹੋਏ ਇਸ ਨੂੰ ਸੀ. ਬੀ.ਆਈ. ਨੂੰ ਸੌਂਪਣ ਦੇ ਦੂਜੇ ਪੱਖ ਦੀ ਅਪੀਲ ਦਾ ਵਿਰੋਧ ਕੀਤਾ ਹੈ।
ਬੈਠਕ ਨੇ ਸੁਰੱਖਿਆ ਦੇ ਪਹਿਲੂ ਨੂੰ ਲੈ ਕੇ ਜ਼ਾਹਰ ਸ਼ੱਕ 'ਤੇ ਵੀ ਗੌਰ ਕੀਤਾ ਅਤੇ ਸੂਬਾ ਸਰਕਾਰ ਨੂੰ ਪੀੜਤ ਪਰਿਵਾਰ, ਉਨ੍ਹਾਂ ਦੀ ਵਕੀਲ ਦੀਪਿਕਾ ਸਿੰਘ ਰਜਾਵਤ ਅਤੇ ਪਰਿਵਾਰ ਦੇ ਮਿੱਤਰ ਤਾਲਿਦ ਹੁਸੈਨ ਦੀ ਸੁਰੱਖਿਆ ਲਈ ਸਾਦੀ ਵਰਦੀ 'ਚ ਲੌੜੀਦੇ ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕਰਨ ਦਾ ਹੁਕਮ ਦਿੱਤਾ। ਬੈਠਕ ਨੇ ਕਿਹਾ ਕਿ ਜੰਮੂ-ਕਸ਼ਮੀਰ ਪੁਲਸ ਸੁਰੱਖਿਆ ਵਧਾਵੇ ਅਤੇ ਪਰਿਵਾਰ, ਦੀਪਿਕਾ ਸਿੰਘ ਰਾਜਵਤ ਅਤੇ ਪਰਿਵਾਰਿਕ ਮਿੱਤਰ ਤਾਲਿਦ ਹੁਸੈਨ ਨੂੰ ਸਹੀ ਸੁਰੱਖਿਆ ਕਰਮਚਾਰੀਆਂ ਮੁਹੱਈਆ ਕਰਾਉਣ।
ਅਦਾਲਤ ਨੇ ਜੰਮੂ-ਕਸ਼ਮੀਰ ਸ਼ਹਿਰ 'ਚ ਚੱਲ ਰਹੇ ਤਣਾਅ ਨੂੰ ਦੇਖਦੇ ਹੋਏ ਇਸ ਮਾਮਲੇ ਨੂੰ ਕਠੂਆ ਤੋਂ ਚੰਡੀਗੜ੍ਹ ਭੇਜਣ ਦੀ ਅਪੀਲ 'ਤੇ ਸੂਬਾ ਸਰਕਾਰ ਤੋਂ 27 ਅਪ੍ਰੈਲ ਤਕ ਜਵਾਬ ਮੰਗਿਆ ਹੈ। ਬੈਠਕ ਨੇ ਸੂਬਾ ਪੁਲਸ ਨੂੰ ਇਹ ਹੁਕਮ ਵੀ ਦਿੱਤਾ ਕਿ ਇਸ ਮਾਮਲੇ 'ਚ ਕਾਨੂੰਨੀ ਪ੍ਰਬੰਧ ਦੇ ਅਧੀਨ ਸੁਧਾਰ ਗ੍ਰਹਿ 'ਚ ਰੱਖੇ ਗਏ ਦੋਸ਼ੀ ਕਿਸ਼ੋਰ ਨੂੰ ਲੋੜੀਂਦੀ ਸੁਰੱਖਿਆ ਪ੍ਰਦਾਨ ਕੀਤੀ ਜਾਵੇ। ਅਦਾਲਤ ਨੇ ਸਪੱਸ਼ਟ ਕੀਤਾ ਕਿ ਉਹ ਸਿਰਫ ਇਸ ਮਾਮਲੇ 'ਚ ਸੰਬੰਧਿਤ ਲੋਕਾਂ ਨੂੰ ਹੀ ਸੁਣੇਗੀ। ਸੁਣਵਾਈ ਦੌਰਾਨ ਇਹ ਸਪੱਸ਼ਟ ਕੀਤਾ ਗਿਆ ਕਿ ਪੀੜਤ ਦੇ ਪਿਤਾ ਅਤੇ ਦਿੱਲੀ ਸਥਿਤ ਵਕੀਲ ਅਨੁਜਾ ਕਪੂਰ ਨੇ ਪਟੀਸ਼ਨ ਦਾਇਰ ਕੀਤੀ ਹੈ।