ਕਠੂਆ ਮਾਮਲਾ : ਸੁਪਰੀਮ ਕੋਰਟ ਨੇ ਗਵਾਹ ''ਤੇ ਹਿਰਾਸਤ ''ਚ ਤਸ਼ੱਦਦ ਸਬੰਧੀ ਰਿੱਟ ''ਤੇ ਜਵਾਬ ਮੰਗਿਆ

08/09/2018 2:19:38 AM

ਨਵੀਂ ਦਿੱਲੀ—ਸੁਪਰੀਮ ਕੋਰਟ ਨੇ ਸਨਸਨੀਖੇਜ਼ ਕਠੂਆ ਜਬਰ-ਜ਼ਨਾਹ ਤੇ ਹੱਤਿਆ ਮਾਮਲੇ 'ਚ ਅਹਿਮ ਗਵਾਹ ਤਾਲਿਬ ਹੁਸੈਨ ਦੀ ਰਿੱਟ 'ਤੇ ਜੰਮੂ-ਕਸ਼ਮੀਰ ਸਰਕਾਰ ਕੋਲੋਂ ਅੱਜ ਜਵਾਬ ਮੰਗਿਆ। ਇਸ ਰਿੱਟ 'ਚ ਹੁਸੈਨ ਨੇ ਕਥਿਤ ਫਰਜ਼ੀ ਜਬਰ-ਜ਼ਨਾਹ ਮਾਮਲੇ 'ਚ ਪੁਲਸ ਵਲੋਂ ਹਿਰਾਸਤ 'ਚ ਉਸ 'ਤੇ ਤਸ਼ੱਦਦ ਕਰਨ ਦਾ ਦੋਸ਼ ਲਾਇਆ।
ਚੀਫ ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ. ਐੱਮ. ਖਾਨਵਿਲਕਰ ਅਤੇ ਜਸਟਿਸ ਧਨੰਜਯ ਵਾਈ ਚੰਦਰਚੂੜ ਦੀ ਬੈਂਚ ਨੇ ਸੀਨੀਅਰ ਵਕੀਲ ਇੰਦਰਾ ਜੈ ਸਿੰਘ ਦੀ ਇਸ ਦਲੀਲ 'ਤੇ ਵਿਚਾਰ ਕੀਤਾ ਕਿ ਹੁਸੈਨ 'ਤੇ ਪੁਲਸ ਹਿਰਾਸਤ 'ਚ ਤਸ਼ੱਦਦ ਕੀਤਾ ਗਿਆ ਹੈ ਅਤੇ ਇਸ ਮਾਮਲੇ 'ਚ ਨਿਆਇਕ ਦਖਲ ਦੀ ਲੋੜ ਹੈ। ਬੈਂਚ ਨੇ ਸੂਬਾ ਸਰਕਾਰ ਨੂੰ ਇਕ ਹਫਤੇ ਦੇ ਅੰਦਰ ਜਵਾਬ ਦੇਣ ਦਾ ਹੁਕਮ ਦਿੱਤਾ। ਚੋਟੀ ਦੀ ਅਦਾਲਤ ਇਸ ਮਾਮਲੇ 'ਤੇ ਹੁਣ 21 ਅਗਸਤ ਨੂੰ ਸੁਣਵਾਈ ਕਰੇਗੀ।