ਕਸ਼ਮੀਰ ਬੰਦ ਕਾਰਨ ਖੁੱਸਿਆ ਲੱਖਾਂ ਲੋਕਾਂ ਦਾ ਰੋਜ਼ਗਾਰ, ਹੋਇਆ ਕਰੋੜਾਂ ਦਾ ਨੁਕਸਾਨ

10/31/2019 1:39:17 PM

ਸ਼੍ਰੀਨਗਰ—ਕਸ਼ਮੀਰ 'ਚ ਪਿਛਲੇ ਤਿੰਨ ਹਫਤਿਆਂ 'ਚ ਬਾਹਰੀ ਸੂਬਿਆਂ ਦੇ 11 ਲੋਕਾਂ ਦੀ ਅੱਤਵਾਦੀਆਂ ਨੇ ਹੱਤਿਆ ਕਰ ਦਿੱਤੀ ਹੈ। ਇਨ੍ਹਾਂ 'ਚ ਟਰੱਕ ਡਰਾਈਵਰ, ਮਜ਼ਦੂਰ ਅਤੇ ਸੇਬ ਵਪਾਰੀ ਸ਼ਾਮਲ ਹਨ। ਮੰਗਲਵਾਰ ਨੂੰ ਪੱਛਮੀ ਬੰਗਾਲ ਦੇ 5 ਮਜ਼ਦੂਰਾਂ ਦੀ ਹੱਤਿਆ ਕਰ ਦਿੱਤੀ ਗਈ ਹੈ। ਇਸ ਹਾਦਸੇ ਨਾਲ ਕੁਲਗਾਮ 'ਚ ਕਤਰੋਸਾ ਪਿੰਡ ਦੇ ਗੁਲਾਮ ਮੁਹੰਮਦ ਇਸ ਤਰ੍ਹਾਂ ਡਰੇ ਹੋਏ ਹਨ ਕਿ ਉਹ ਬੁੱਧਵਾਰ ਨੂੰ ਆਪਣੇ ਸੇਬ ਦੇ ਬਾਗ 'ਚ ਕੰਮ ਕਰਨ ਵਾਲੇ 2 ਮਜ਼ਦੂਰਾਂ ਦੀ ਸੁਰੱਖਿਆ ਦੀ ਮੰਗ ਕਰਨ ਲਈ ਪੁਲਸ ਥਾਣੇ ਪਹੁੰਚ ਗਏ ਹਨ। ਦੱਸ ਦੇਈਏ ਕਿ ਇਨ੍ਹਾਂ ਦੇ 5 ਸਾਥੀਆਂ ਦੀ ਮੰਗਲਵਾਰ ਨੂੰ ਹੱਤਿਆ ਕਰ ਦਿੱਤੀ ਗਈ ਸੀ। ਇਸ ਨਾਲ ਸੇਬ ਉਦਯੋਗ ਸਮੱਸਿਆਵਾਂ 'ਚ ਹੈ, ਜਿਸ ਕਾਰਨ 1 ਲੱਖ ਤੋਂ ਜ਼ਿਆਦਾ ਲੋਕਾਂ ਦਾ ਰੋਜ਼ਗਾਰ ਖੋਹਿਆ ਗਿਆ ਹੈ ਅਤੇ ਇੱਕ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ।

ਦੱਖਣੀ ਕਸ਼ਮੀਰ 'ਚ ਵਾਪਰੇ ਇਨ੍ਹਾਂ ਹਾਦਸਿਆਂ ਨਾਲ ਸੇਬ ਵਪਾਰੀਆਂ ਦੇ ਦਿਲ 'ਚ ਡਰ ਬੈਠ ਗਿਆ ਹੈ। ਸੂਬੇ 'ਚ ਸਭ ਤੋਂ ਜ਼ਿਆਦਾ ਸੇਬ ਦਾ ਨਿਰਯਾਤ ਇਸ ਇਲਾਕੇ 'ਚੋਂ ਹੁੰਦਾ ਹੈ। ਕਸ਼ਮੀਰ ਦੀ ਜੀ. ਡੀ. ਪੀ 'ਚ ਸੇਬ ਕਾਰੋਬਾਰ ਦਾ 7 ਫੀਸਦੀ ਯੋਗਦਾਨ ਹੈ। ਹੁਣ ਇਹ ਉਦਯੋਗ ਮੁਸ਼ਕਿਲ ਦੌਰ 'ਚੋਂ ਗੁਜਰ ਰਿਹਾ ਹੈ। ਸੂਬਾ ਉਦਯੋਗ ਵਿਭਾਗ ਮੁਤਾਬਕ, ''ਲਗਭਗ ਇਸ ਸੀਜ਼ਨ 'ਚ 9.09 ਲੱਖ ਮੀਟ੍ਰਿਕ ਟਨ ਸੇਬ 65,701 ਟਰੱਕਾਂ ਰਾਹੀਂ ਬਾਹਰ ਭੇਜਿਆ ਜਾ ਚੁੱਕਾ ਹੈ। ਵਿਭਾਗ ਦੇ ਡਾਇਰੈਕਟਰ ਏਜਾਜ ਅਹਿਮਦ ਦੱਸਦੇ ਹਨ ਕਿ ਹਾਲ ਹੀ 'ਚ ਵਾਪਰੇ ਹਾਦਸਿਆਂ ਦਾ ਜ਼ਿਆਦਾ ਅਸਰ ਨਹੀਂ ਹੋਵੇਗਾ।

ਸੂਬੇ ਦੇ 7 ਲੱਖ ਪਰਿਵਾਰ ਸੇਬ ਕਾਰੋਬਾਰ ਨਾਲ ਜੁੜੇ ਹੋਏ ਹਨ। ਘਾਟੀ 'ਚ ਲਗਭਗ 3.35 ਲੱਖ ਹੈਕਟੇਅਰ ਇਲਾਕੇ 'ਚ ਫਲ ਉਗਾਏ ਜਾਂਦੇ ਹਨ। ਇਨ੍ਹਾਂ 'ਚ 1.62 ਲੱਖ ਹੈਕਟੇਅਰ 'ਚ ਸੇਬ ਦੇ ਬਾਗ ਹਨ। ਪਿਛਲੇ ਸਾਲ ਫਲ-ਸੁੱਕੇ ਮੇਵੇ ਨੂੰ ਮਿਲਾ ਕੇ ਲਗਭਗ 23.30 ਲੱਖ ਟਨ ਪੈਦਾਵਰ ਹੋਈ ਸੀ। ਇੱਕ ਸੇਬ ਉਤਪਾਦਕ ਨੇ ਦੱਸਿਆ ਹੈ ਕਿ ਬਾਹਰੋਂ ਆਉਣ ਵਾਲੇ ਮਜ਼ਦੂਰ ਇਸ ਕਾਰੋਬਾਰ ਦੀ ਰੀੜ ਦੀ ਹੱਡੀ ਹਨ। ਕਸ਼ਮੀਰ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਪ੍ਰੈਜ਼ੀਡੈਂਟ ਸ਼ੇਖ ਆਸ਼ਿਕ ਅਹਿਮਦ ਮੁਤਾਬਕ, ''ਹਰ ਸਾਲ 3-4 ਲੱਖ ਮਜ਼ਦੂਰ ਘਾਟੀ 'ਚ ਆਉਂਦੇ ਹਨ। ਅਗਸਤ 'ਚ ਜਾਰੀ ਐਡਵਾਇਜ਼ਰੀ ਤੋਂ ਬਾਅਦ ਜ਼ਿਆਦਾਤਰ ਮਜ਼ਦੂਰ ਘਾਟੀ ਛੱਡ ਚੁੱਕੇ ਹਨ ਪਰ ਜੋ ਬਚੇ ਹਨ ਉਨ੍ਹਾਂ 'ਤੇ ਇਨ੍ਹਾਂ ਘਟਨਾਵਾਂ ਦਾ ਅਸਰ ਹੋਵੇਗਾ।

2019 'ਚ ਅਗਸਤ ਤੋਂ ਅਕਤੂਬਰ ਦੌਰਾਨ 4231 ਸੈਲਾਨੀ ਆਏ—
-ਸੂਬੇ 'ਚ ਟੂਰਿਜ਼ਮ ਉਦਯੋਗ ਵੀ ਮੁਸ਼ਕਿਲ ਦੌਰ 'ਚੋਂ ਗੁਜਰ ਰਿਹਾ ਹੈ। ਅੱਤਵਾਦੀ ਘਟਨਾਵਾਂ ਨਾਲ ਸੈਲਾਨੀ ਵੀ ਘੱਟ ਪਹੁੰਚ ਰਹੇ ਹਨ। ਆਸ਼ਿਕ ਅਹਿਮਦ ਦੱਸਦੇ ਹਨ ਕਿ ਕਸ਼ਮੀਰ 'ਚ ਸਥਿਤੀ ਸਾਧਾਰਨ ਨਹੀਂ ਹੈ। ਸਾਨੂੰ ਭਰੋਸਾ ਪੈਦਾ ਕਰਨਾ ਹੋਵੇਗਾ। 5 ਅਗਸਤ ਤੋਂ 1 ਅਕਤੂਬਰ ਵਿਚਾਲੇ 4231 ਸੈਲਾਨੀ ਘਾਟੀ 'ਚ ਆਏ, ਇਨ੍ਹਾਂ 'ਚ 928 ਵਿਦੇਸ਼ੀ ਸੀ ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ 1.61 ਲੱਖ ਸੈਲਾਨੀ ਆਏ ਸੀ। ਇਨ੍ਹਾਂ 'ਚ 9,800 ਵਿਦੇਸ਼ੀ ਸਨ।

-2 ਅਗਸਤ ਨੂੰ ਐਡਵਾਇਜ਼ਰੀ ਜਾਰੀ ਹੋਣ ਤੋਂ ਪਹਿਲਾਂ 5.21 ਲੱਖ ਸੈਲਾਨੀ ਅਤੇ 3.40 ਲੱਖ ਸ਼ਰਧਾਲੂ ਘਾਟੀ ਪਹੁੰਚੇ ਸੀ। 2016 'ਚ 12.74 ਲੱਖ, 2017 'ਚ 11.96 ਲੱਖ ਸੈਲਾਨੀ ਆਏ ਜਦਕਿ 2018 'ਚ ਇਹ ਗਿਣਤੀ ਘੱਟ ਕੇ 7.85 ਲੱਖ ਹੀ ਰਹਿ ਗਈ ਸੀ।

Iqbalkaur

This news is Content Editor Iqbalkaur