ਈਦ ਦੀ ਖਰੀਦਦਾਰੀ ’ਚ ਲੋਕਾਂ ਦੀ ਲੱਗੀ ਭੀੜ, ਕਸ਼ਮੀਰ ’ਚ ਪਾਬੰਦੀਆਂ ਹੋਈਆਂ ਸਖ਼ਤ

05/12/2021 6:15:36 PM

ਸ਼੍ਰੀਨਗਰ (ਭਾਸ਼ਾ)— ਕਸ਼ਮੀਰ ਵਿਚ ਕਈ ਇਲਾਕਿਆਂ ’ਚ ਈਦ ਤੋਂ ਪਹਿਲਾਂ ਲੋਕਾਂ ਦੀ ਭੀੜ ਲੱਗਣ ਕਾਰਨ ਬੁੱਧਵਾਰ ਨੂੰ ਕਰਫਿਊ ਵਾਂਗ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਅਹਿਮ ਮਾਰਗਾਂ ਨੂੰ ਸੀਲ ਕਰ ਦਿੱਤਾ ਹੈ ਅਤੇ ਸ਼ਹਿਰ ਵਿਚ ਅਤੇ ਹੋਰ ਜ਼ਿਲ੍ਹਾ ਹੈੱਡਕੁਆਰਟਰ ਵਿਚ ਬੈਰੀਕੇਡ ਲਾ ਦਿੱਤੇ ਹਨ, ਤਾਂ ਲੋਕਾਂ ਦੀ ਗੈਰ-ਜ਼ਰੂਰੀ ਆਵਾਜਾਈ ਨੂੰ ਰੋਕਿਆ ਜਾ ਸਕੇ। ਬਾਜ਼ਾਰ ਬੰਦ ਹਨ ਅਤੇ ਜਨਤਕ ਟਰਾਂਸਪੋਰਟ ’ਤੇ ਰੋਕ ਹੈ। ਅਧਿਕਾਰੀਆਂ ਮੁਤਾਬਕ ਸਿਰਫ਼ ਜ਼ਰੂਰੀ ਸੇਵਾਵਾਂ ’ਚ ਕੰਮ ਕਰ ਰਹੇ ਲੋਕਾਂ ਅਤੇ ਐਮਰਜੈਂਸੀ ਮਾਮਲਿਆਂ ’ਚ ਹੀ ਆਵਾਜਾਈ ਦੀ ਆਗਿਆ ਹੈ। 

ਅਧਿਕਾਰੀਆਂ ਨੇ ਦੱਸਿਆ ਕਿ ਈਦ ਦੀ ਖਰੀਦਦਾਰੀ ਲਈ ਇੱਥੇ ਸ਼ਹਿਰ ਵਿਚ ਕਈ ਥਾਵਾਂ ’ਤੇ ਅਤੇ ਘਾਟੀ ਦੇ ਹੋਰ ਇਲਾਕਿਆਂ ਵਿਚ ਭੀੜ ਜਮ੍ਹਾਂ ਹੋਣ ਕਰ ਕੇ ਬੁੱਧਵਾਰ ਨੂੰ ਪਾਬੰਦੀਆਂ ਸਖ਼ਤ ਕਰ ਦਿੱਤੀਆਂ ਗਈਆਂ ਹਨ। ਬਾਜ਼ਾਰ ਵਿਚ ਭੀੜ ਕਾਰਨ ਮੰਗਲਵਾਰ ਨੂੰ ਵਪਾਰਕ ਕੇਂਦਰ ਲਾਲ ਚੌਕ ਸਮੇਤ ਸ਼ਹਿਰ ਦੇ ਕਈ ਹਿੱਸਿਆਂ ਵਿਚ ਭਾਰੀ ਟ੍ਰੈਫਿਕ ਜਾਮ ਲੱਗ ਗਿਆ ਸੀ। 

ਦੱਸ ਦੇਈਏ ਕਿ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਕੋਵਿਡ-19 ਮਾਮਲਿਆਂ ’ਚ ਵਾਧੇ ਨੂੰ ਵੇਖਦੇ ਹੋਏ 29 ਅਪ੍ਰੈਲ ਨੂੰ 11 ਜ਼ਿਲ੍ਹਿਆਂ ਵਿਚ ਕਰਫਿਊ ਲਾ ਦਿੱਤਾ ਸੀ, ਜਿਸ ਨੂੰ ਅਗਲੇ ਦਿਨ 20 ਜ਼ਿਲ੍ਹਿਆਂ ਤੱਕ ਵਧਾ ਦਿੱਤਾ ਗਿਆ। ਹਾਲਾਂਕਿ ਕਸ਼ਮੀਰ ਘਾਟੀ ਦੇ ਹੋਰ ਜ਼ਿਲ੍ਹਿਆਂ ਵਿਚ ਵੀ ਪਾਬੰਦੀਆਂ ਪਹਿਲਾਂ 6 ਮਈ ਅਤੇ ਫਿਰ 10 ਮਈ ਤੱਕ ਵਧਾਉਣ ਦੇ ਹੁਕਮ ਦਿੱਤੇ ਗਏ। ਇਹ ਪਾਬੰਦੀਆਂ ਫਿਰ 17 ਮਈ ਤੱਕ ਵਧਾ ਦਿੱਤੀਆਂ ਗਈਆਂ। 

Tanu

This news is Content Editor Tanu