ਕਸ਼ਮੀਰ ''ਚ ਅੱਤਵਾਦੀਆਂ ਨੇ ਸਥਾਨਕ ਆਗੂ ਦੀ ਕੀਤੀ ਹੱਤਿਆ

04/26/2018 12:42:16 AM

ਸ਼੍ਰੀਨਗਰ,(ਏਜੰਸੀਆਂ)— ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ ਅੱਤਵਾਦੀਆਂ ਨੇ ਬੁੱਧਵਾਰ ਇਕ ਸਥਾਨਕ ਸਿਆਸੀ ਆਗੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾ 'ਚ 2 ਪੁਲਸ ਮੁਲਾਜ਼ਮ  ਜ਼ਖਮੀ ਵੀ ਹੋਏ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਕਤਲ ਦੀ ਘਟਨਾ ਪਿੱਛੋਂ ਵਾਦੀ 'ਚ  ਸਿਆਸਤ ਭਖ ਗਈ। ਪੀ. ਡੀ. ਪੀ.  ਅਤੇ ਕਾਂਗਰਸ ਨੇ ਮ੍ਰਿਤਕ ਆਗੂ ਦੇ ਆਪਣੀ ਪਾਰਟੀ ਨਾਲ ਸੰੰਬੰਧਤ ਹੋਣ ਤੋਂ ਇਨਕਾਰ ਕੀਤਾ ਜਦ ਕਿ ਨੈਸ਼ਨਲ ਕਾਨਫਰੰਸ ਨੇ ਮ੍ਰਿਤਕ ਆਗੂ ਨੂੰ ਸ਼ਰਧਾਂਜਲੀ ਦੇ ਕੇ ਉਸ ਨੂੰ ਅਪਣਾ ਲਿਆ।
ਪੁਲਸ ਸੂਤਰਾਂ ਨੇ ਦੱਸਿਆ ਕਿ ਪੁਲਵਾਮਾ ਦੇ ਰਾਜਪੁਰ ਚੌਕ ਨੇੜੇ ਅੱਤਵਾਦੀਆਂ ਨੇ 3 ਵਿਅਕਤੀਆਂ ਨੂੰ ਗੋਲੀ ਮਾਰੀ। ਤਿੰਨਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਗੁਲਾਮ ਨਬੀ ਪਟੇਲ ਨਾਮੀ ਇਕ ਸਥਾਨਕ ਸਿਆਸੀ ਆਗੂ ਦੀ ਮੌਤ ਹੋ ਗਈ। ਸ਼ੁਰੂ ਵਿਚ ਪਟੇਲ ਦੇ ਪੀ. ਡੀ. ਪੀ. ਨਾਲ ਜੁੜੇ ਹੋਣ ਦੀ ਗੱਲ ਸਾਹਮਣੇ ਆਈ ਪਰ ਪੀ. ਡੀ. ਪੀ. ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਪਟੇਲ ਦਾ ਪੀ. ਡੀ. ਪੀ. ਨਾਲ ਕੋਈ ਨਾਤਾ ਨਹੀਂ ਸੀ। ਕਾਂਗਰਸ ਨੇ ਵੀ ਮ੍ਰਿਤਕ ਨਾਲੋਂ ਪੱਲਾ ਝਾੜਦਿਆਂ ਕਿਹਾ ਕਿ ਉਹ ਕਿਸੇ ਸਮੇਂ ਪਾਰਟੀ ਨਾਲ ਸਨ ਪਰ ਹੁਣ ਉਨ੍ਹਾਂ ਦਾ ਪਾਰਟੀ ਨਾਲ ਕੋਈ ਸੰੰੰਬੰਧ ਨਹੀਂ ਸੀ।
ਓਧਰ ਜ਼ਖਮੀ ਹੋਏ ਦੋਵੇਂ ਵਿਅਕਤੀ ਪੁਲਸ ਮੁਲਾਜ਼ਮ ਦੱਸੇ ਗਏ ਹਨ। ਸੁਰੱਖਿਆ ਫੋਰਸਾਂ ਦੇ ਜਵਾਨਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਘਟਨਾ ਲਈ ਜ਼ਿੰਮੇਵਾਰ ਅੱਤਵਾਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਬਡਗਾਮ ਜ਼ਿਲੇ ਵਿਚ ਬੁੱਧਵਾਰ ਸ਼ਾਮ ਇਕ ਪੁਲਸ ਮੁਲਾਜ਼ਮ ਆਪਣੀ ਸਰਵਿਸ ਰਾਈਫਲ ਸਮੇਤ ਲਾਪਤਾ ਹੋ ਗਿਆ। ਪੁਲਸ ਨੇ ਸਾਰੇ ਪਾਸੇ ਅਲਰਟ ਜਾਰੀ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ । ਉਸ ਦੀ ਪਛਾਣ ਤਾਰਿਕ ਅਹਿਮਦ ਭੱਟ ਵਜੋਂ ਹੋਈ ਹੈ। ਉਹ ਬਡਗਾਮ ਜ਼ਿਲੇ ਦੇ ਪਾਖੇਰਪੋਰਾ ਵਿਖੇ ਤਾਇਨਾਤ ਸੀ।