ਜੰਮੂ ਕਸ਼ਮੀਰ ਤਲਾਸ਼ੀ ਮੁਹਿੰਮ ''ਚ ਮਿਲੇ ਵਿਸਫ਼ੋਟਕ ਕੀਤੇ ਗਏ ਨਸ਼ਟ

07/17/2023 5:14:03 PM

ਸ਼੍ਰੀਨਗਰ (ਵਾਰਤਾ)- ਭਾਰਤੀ ਫ਼ੌਜ ਨੇ ਜੰਮੂ ਕਸ਼ਮੀਰ ਪੁਲਸ ਨਾਲ ਇਕ ਸਾਂਝੀ ਮੁਹਿੰਮ 'ਚ ਸੋਮਵਾਰ ਨੂੰ ਉੱਤਰੀ ਕਸ਼ਮੀਰ 'ਚ ਹੰਦਵਾੜਾ ਦੇ ਵੋਧਪੁਰਾ ਜੰਗਲ ਤੋਂ 2 ਆਧੁਨਿਕ ਵਿਸਫ਼ੋਟਕ (ਆਈ.ਈ.ਡੀ.) ਬਰਾਮਦ ਕਰ ਕੇ ਸਫ਼ਲਤਾਪੂਰਵਕ ਨਸ਼ਟ ਕਰ ਦਿੱਤੇ। ਪੁਲਸ ਨੇ ਇਕ ਬਿਆਨ 'ਚ ਕਿਹਾ,''ਭਾਰਤੀ  ਫ਼ੌਜ ਨੇ ਹੰਦਵਾੜਾ ਪੁਲਸ ਨਾਲ ਇਕ ਸਾਂਝੀ ਮੁਹਿੰਮ 'ਚ ਸੋਮਵਾਰ ਸਵੇਰੇ ਐੱਨ.ਐੱਚ.701 ਕੋਲ ਵੋਧਪੁਰਾ ਰਿਜ ਤੋਂ 2 ਆਈ.ਈ.ਡੀ. ਬਰਾਮਦ ਕੀਤੇ।'' ਇਕ ਭਰੋਸੇਯੋਗ ਸਰੋਤ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਭਾਰਤੀ ਫ਼ੌਜ ਅਤੇ ਹੰਦਵਾੜਾ ਪੁਲਸ ਨੇ ਸੋਮਵਾਰ ਤੜਕੇ ਵੋਧਪੁਰਾ ਜੰਗਲ 'ਚ ਤਲਾਸ਼ੀ ਅਤੇ ਨਸ਼ਟੀਕਰਨ ਮੁਹਿੰਮ (ਐੱਸ.ਏ.ਡੀ.ਓ.) ਸ਼ੁਰੂ ਕੀਤਾ ਗਿਆ। 

ਆਪਰੇਸ਼ਨ ਦੇ ਨਤੀਜੇ ਵਜੋਂ ਜੰਗਲ ਖੇਤਰ 'ਚ ਲੁਕਾਏ ਗਏ ਲਗਭਗ 5 ਅਤੇ 7 ਕਿਲੋਗ੍ਰਾਮ ਭਾਰ ਦੇ 2 ਆਧੁਨਿਕ ਆਈ.ਈ.ਡੀ. ਬਰਾਮਦ ਹੋਏ। ਟੀਮ ਨੇ ਤੁਰੰਤ ਪੂਰੇ ਸੁਰੱਖਿਆ ਉਪਾਵਾਂ ਨਾਲ ਖੇਤਰ ਦੀ ਘੇਰਾਬੰਦੀ ਕਰ ਦਿੱਤੀ। ਵਿਸਫ਼ੋਟਕ ਡਿਟੈਕਟਰਾਂ ਅਤੇ ਫ਼ੌਜ ਦੇ ਸਿੱਖਿਅਤ ਕੁੱਤੇ ਨਾਲ ਲੈੱਸ ਭਾਰਤੀ ਫ਼ੌਜ ਦੀ ਉੱਚ ਸਿੱਖਿਅਤ ਵਿਸਫ਼ੋਟਕ ਪਛਾਣ ਟੀਮ ਨੇ ਇਨ੍ਹਾਂ ਵਿਸਫ਼ੋਟਕਾਂ ਦੀ ਪਛਾਣ ਕੀਤੀ। ਬੰਬ ਵਿਰੋਧੀ ਟੀਮ ਨੇ ਇਨ੍ਹਾਂ ਵਿਸਫ਼ੋਟਕਾਂ ਨੂੰ ਵਿਸਫ਼ੋਟ ਕਰ ਕੇ ਨਸ਼ਟ ਕੀਤਾ। ਇਸ ਤੋਂ ਬਾਅਦ ਜੰਗਲ 'ਚ ਕਿਸੇ ਹੋਰ ਆਈ.ਈ.ਡੀ. ਜਾਂ ਲੁਕੇ ਹੋਏ ਅੱਤਵਾਦੀਆਂ ਦੀ ਤਲਾਸ਼ ਲਈ ਤਲਾਸ਼ੀ ਮੁਹਿੰਮ ਮੁੜ ਸ਼ੁਰੂ ਕੀਤੀ ਗਈ। ਇਸ ਮੁਹਿੰਮ 'ਚ ਜਾਨ-ਮਾਲ ਦੇ ਕਿਸੇ ਨੁਕਸਾਨ ਦੀ ਖ਼ਬਰ ਨਹੀਂ ਹੈ। ਪੁਲਸ ਨੇ ਦੱਸਿਆ ਕਿ ਸੁਰੱਖਿਆ ਫ਼ੋਰਸਾਂ ਦੀ ਸੰਯੁਕਤ ਟੀਮ ਦੀ ਤੁਰੰਤ ਕਾਰਵਾਈ ਨਾਲ ਇਲਾਕੇ 'ਚ ਵੱਡੀ ਘਟਨਾ ਟਲ ਗਈ।

DIsha

This news is Content Editor DIsha