''ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ''ਤੇ ਗੱਲਬਾਤ ਦਾ ਮਤਲਬ ਪਾਕਿ ਨਾਲ ''ਗੱਲਬਾਤ'' ਨਹੀਂ''

03/09/2019 5:59:35 PM

ਨਵੀਂ ਦਿੱਲੀ (ਵਾਰਤਾ)— ਭਾਰਤ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਸ੍ਰੀ ਕਰਤਾਰਪੁਰ ਲਾਂਘੇ ਬਾਰੇ 14 ਮਾਰਚ ਨੂੰ ਹੋਣ ਵਾਲੀ ਗੱਲਬਾਤ ਨੂੰ ਪਾਕਿਸਤਾਨ ਨਾਲ 'ਗੱਲਬਾਤ ਪ੍ਰਕਿਰਿਆ' ਸ਼ੁਰੂ ਹੋਣ ਨਾਲ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਇਹ ਗੱਲ ਆਖੀ। ਉਨ੍ਹਾਂ ਕਿਹਾ ਕਿ ਮੈਂ ਸਪੱਸ਼ਟ ਕਰ ਰਿਹਾ ਹਾਂ ਕਿ ਕਰਤਾਰਪੁਰ ਲਾਂਘੇ ਬਾਰੇ ਗੱਲਬਾਤ ਦਾ ਮਤਲਬ ਗੱਲਬਾਤ ਸ਼ੁਰੂ ਹੋਣ ਤੋਂ ਬਿਲਕੁਲ ਨਹੀਂ ਹੈ। ਇਹ ਭਾਰਤੀ ਨਾਗਰਿਕਾਂ ਦੀਆਂ ਭਾਵਨਾਵਾਂ ਅਤੇ ਵਿਚਾਰਾਂ ਨਾਲ ਜੁੜਿਆ ਮਸਲਾ ਹੈ। ਇਸ ਵਿਸ਼ੇ 'ਤੇ ਗੱਲ ਕਰਨਾ ਸ੍ਰੀ ਕਰਤਾਰਪੁਰ ਲਾਂਘੇ ਨੂੰ ਸ਼ੁਰੂ ਕਰਨ ਸਬੰਧੀ ਫੈਸਲੇ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ। 

ਇਹ ਮਾਮਲਾ ਸਿੱਖ ਨਾਗਰਿਕਾਂ ਦੀਆਂ ਭਾਵਨਾਵਾਂ ਦੇ ਸਨਮਾਨ ਨਾਲ ਜੁੜਿਆ ਹੈ। ਇਹ ਬਹੁਤ ਪੁਰਾਣੀ ਮੰਗ ਹੈ ਅਤੇ 14 ਮਾਰਚ ਨੂੰ ਹੋਣ ਵਾਲੀ ਬੈਠਕ ਇਸ ਨਾਲ ਜੁੜੀ ਹੈ। ਇੱਥੇ ਦੱਸ ਦੇਈਏ ਕਿ ਪਾਕਿਸਤਾਨ ਦਾ ਇਕ ਵਫਦ ਕਰਤਾਰਪੁਰ ਲਾਂਘੇ ਬਾਰੇ ਗੱਲਬਾਤ ਲਈ 14 ਮਾਰਚ ਨੂੰ ਅਟਾਰੀ ਆਵੇਗਾ ਅਤੇ ਇਸ ਤਰ੍ਹਾਂ ਭਾਰਤ ਦਾ ਵਫਦ ਇਸ ਮਹੀਨੇ ਦੇ ਅਖੀਰ ਵਿਚ ਦੂਜੇ ਦੌਰ ਦੀ ਗੱਲਬਾਤ ਲਈ ਪਾਕਿਸਤਾਨ ਜਾ ਸਕਦਾ ਹੈ। ਸੂਤਰਾਂ ਮੁਤਾਬਕ ਅਜੇ ਤਰੀਕਾਂ ਬਾਰੇ ਅੰਤਿਮ ਫੈਸਲਾ ਨਹੀਂ ਹੋ ਸਕਿਆ ਹੈ। ਵਿਦੇਸ਼ ਮੰਤਰਾਲੇ ਨੇ 6 ਮਾਰਚ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਸੀ ਕਿ ਭਾਰਤ ਚਾਹੁੰਦਾ ਹੈ ਕਿ ਲਾਂਘੇ ਦੇ ਤਕਨੀਕੀ ਪਹਿਲੂਆਂ 'ਤੇ ਵੀ ਉਸੇ ਦਿਨ ਵੱਖਰੇ ਤੌਰ 'ਤੇ ਤੋਂ ਗੱਲਬਾਤ ਹੋਵੇ।


Tanu

Content Editor

Related News