ਕਰਤਾਰਪੁਰ ਲਾਂਘੇ 'ਤੇ ਭਾਰਤ ਦਾ ਪਾਕਿਸਤਾਨ ਨੂੰ ਸੱਦਾ

01/23/2019 12:02:30 PM

ਨਵੀਂ ਦਿੱਲੀ— ਭਾਰਤ ਨੇ ਅੰਤਰਰਾਸ਼ਟਰੀ ਸਰਹੱਦ ਨਾਲ ਲੱਗੇ ਪ੍ਰਸਤਾਵਿਤ ਕਰਤਾਰਪੁਰ ਲਾਂਘੇ ਦੇ ਸਬੰਧ 'ਚ ਮੰਗਲਵਾਰ ਨੂੰ ਪਾਕਿਸਤਾਨ ਨਾਲ ਜਾਣਕਾਰੀਆਂ ਸਾਂਝੀਆਂ ਕੀਤੀਆਂ ਤੇ ਉਸ ਦੇ ਅਧਿਕਾਰੀਆਂ ਨੂੰ ਅੱਗੇ ਦੀ ਗੱਲਬਾਤ ਲਈ ਸੱਦਾ ਦਿੱਤਾ। ਵਿਦੇਸ਼ ਮੰਤਰਾਲ ਨੇ ਦੱਸਿਆ ਕਿ ਇਹ ਕਦਮ ਕਰਤਾਰਪੁਰ ਲਾਂਘਾ ਸਥਾਪਿਤ ਕਰਨ ਦੇ ਪੈਂਡਿੰਗ ਪ੍ਰਸਤਾਵ ਨੂੰ ਅਮਲੀਜਾਮਾ ਪਹਿਨਾਉਣ ਦੇ ਕੇਂਦਰ ਸਰਕਾਰ ਦੇ 22 ਨਵੰਬਰ 2018 ਦੇ ਫੈਸਲੇ ਮੁਤਾਬਕ ਚੁੱਕਿਆ ਗਿਆ ਹੈ। ਭਾਰਤ ਸਰਕਾਰ ਨੇ ਲਾਂਘੇ ਦੇ ਸਵਰੂਪ 'ਤੇ ਚਰਚਾ ਤੇ ਉਸ ਨੂੰ ਆਖਰੀ ਰੂਪ ਦੇਣ ਲਈ ਪਾਕਿਸਤਾਨੀ ਵਫਦ ਨੂੰ ਦਿੱਲੀ ਆਉਣ ਲਈ 26 ਫਰਵਰੀ ਤੇ 7 ਮਾਰਚ ਦੀਆਂ ਦੋ ਤਰੀਕਾਂ ਦੀ ਪੇਸ਼ਕਸ਼ ਕੀਤੀ ਹੈ ਤਾਂਕਿ ਭਾਰਤੀ ਸ਼ਰਧਾਲੂ ਜਲਦ ਤੋਂ ਜਲਦ ਇਸ ਲਾਂਘੇ ਦਾ ਇਸਤੇਮਾਲ ਕਰ ਗੁਰੂਦੁਆਰਾ ਕਰਤਾਰਪੁਰ ਸਾਹਿਬ 'ਚ ਮੱਥਾ ਟੇਕ ਸਕਣ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਸ ਨੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਇਕ ਮਸੌਦਾ ਸਮਝੌਤਾ ਭਾਰਤ ਨਾਲ ਸਾਂਝਾ ਕੀਤਾ ਹੈ ਤੇ ਉਸ ਨੂੰ ਕਿਹਾ ਹੈ ਕਿ ਉਹ ਜਲਦ ਹੀ ਆਪਣਾ ਇਕ ਵਫਦ ਇਸਲਮਾਬਾਦ ਭੇਜਣ ਤਾਂਕਿ ਪ੍ਰਸਤਾਵ 'ਤੇ ਚਰਚਾ ਕਰ ਉਸ ਨੂੰ ਆਖਰੀ ਰੂਪ ਦਿੱਤਾ ਜਾ ਸਕੇ। ਕਰਤਾਰਪੁਰ ਲਾਂਘਾ ਪੰਜਾਬ ਦੇ ਡੇਰਾ ਬਾਬਾ ਨਾਨਕ ਨੂੰ ਪਾਕਿਸਤਾਨ ਦੇ ਨਰੋਵਾਲ 'ਚ ਗੁਰੂਦੁਆਰਾ ਦਰਬਾਰ ਸਹਿਬ ਨਾਲ ਜੋੜੇਗਾ।

Inder Prajapati

This news is Content Editor Inder Prajapati