ਕੋਰੋਨਾ ਸੰਕਟ: ਕਰਨਾਟਕ ਸਰਕਾਰ ਨੇ ਰਾਹਤ ਪੈਕੇਜ ਦਾ ਕੀਤਾ ਐਲਾਨ

05/06/2020 6:39:17 PM

ਬੈਂਗਲੁਰੂ-ਦੇਸ਼ 'ਚ ਫੈਲੀ ਕੋਰੋਨਾ ਮਹਾਮਾਰੀ ਦੇ ਕਾਰਨ ਸਾਰੇ ਸੂਬੇ ਆਪਣੇ ਪੱਧਰ 'ਤੇ ਇਸ ਨਾਲ ਨਜਿੱਠਣ ਲਈ ਯਤਨ ਕਰ ਰਹੇ ਹਨ। ਇਸ ਦੌਰਾਨ ਕਰਨਾਟਕ ਸਰਕਾਰ ਨੇ ਮਹਾਮਾਰੀ ਕਾਰਨ ਲਾਕਡਾਊਨ 'ਚ ਫਸੇ ਲੋਕਾਂ ਲਈ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਸਰਕਾਰ ਦੁਆਰਾ ਐਲਾਨ ਪੈਕੇਜ 'ਚ 1610 ਕਰੋੜ ਰੁਪਏ ਦੇਣ ਦੀ ਗੱਲ ਕੀਤੀ ਗਈ ਹੈ। ਸਿਹਤ ਮੰਤਰਾਲੇ ਅਨੁਸਾਰ ਕਰਨਾਟਕ 'ਚ ਅੱਜ ਭਾਵ ਬੁੱਧਵਾਰ ਤੱਕ ਕੋਰੋਨਾ ਪੀੜਤਾਂ ਦੀ ਗਿਣਤੀ 671 ਦੱਸੀ ਗਈ ਹੈ, ਜਿਸ 'ਚ 331 ਲੋਕ ਠੀਕ ਹੋ ਚੁੱਕੇ ਹਨ। ਇਸ ਦੇ ਨਾਲ ਹੀ ਇੱਥੇ ਖਤਰਨਾਕ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 29 ਤੱਕ ਪਹੁੰਚ ਗਈ ਹੈ।

ਡਰਾਈਵਰ ਅਤੇ ਨਾਈਂ ਨੂੰ ਵੀ ਰਾਹਤ ਪੈਕੇਜ-
ਇਸ ਰਾਹਤ ਪੈਕੇਜ ਤੋਂ ਇਲਾਵਾ ਕਰਨਾਟਕ ਦੇ ਮੁੱਖ ਮੰਤਰੀ ਯੇਦੀਯੁਰੱਪਾ ਨੇ ਸੂਬੇ ਦੇ ਡਰਾਈਵਰ ਅਤੇ ਨਾਈ ਭਾਈਚਾਰੇ ਦੇ ਲੋਕਾਂ ਲਈ 5000-5000 ਰੁਪਏ ਦੇਣ ਦਾ ਐਲਾਨ ਕੀਤਾ ਹੈ। 

ਹੁਣ ਤੱਕ 1 ਲੱਖ ਲੋਕਾਂ ਨੂੰ ਉਨ੍ਹਾਂ ਦੇ ਘਰ ਪਹੁੰਚਾ ਚੁੱਕੀ ਹੈ ਸਰਕਾਰ-
ਕਰਨਾਟਕ ਸਰਕਾਰ ਨੇ ਦੱਸਿਆ ਹੈ ਕਿ ਹੁਣ ਤੱਕ ਲਗਭਗ 1 ਲੱਖ ਲੋਕਾਂ ਨੂੰ 35 ਬੱਸਾਂ ਅਤੇ ਟ੍ਰੇਨਾਂ ਰਾਹੀਂ ਉਨ੍ਹਾਂ ਦੇ ਘਰ ਵਾਪਸ ਭੇਜਿਆ ਜਾ ਚੁੱਕਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਯੇਦੀਯੁਰੱਪਾ ਨੇ ਕਿਹਾ ਹੈ ਕਿ ਮੈਂ ਪ੍ਰਵਾਸੀ ਮਜ਼ਦੂਰਾਂ ਨੂੰ ਕਰਨਾਟਕ 'ਚ ਹੀ ਰੁਕਣ ਦੀ ਅਪੀਲ ਕੀਤੀ ਹੈ ਕਿਉਂਕਿ ਨਿਰਮਾਣ ਕੰਮਾਂ ਹੁਣ ਫਿਰ ਤੋਂ ਸ਼ੁਰੂ ਹੋ ਗਏ ਹਨ।

ਦੇਸ਼ 'ਚ ਤੇਜ਼ੀ ਨਾਲ ਵਿਗੜ ਰਹੇ ਹਨ ਹਾਲਾਤ-
ਦੱਸ ਦੇਈਏ ਕਿ ਦੇਸ਼ ਭਰ 'ਚ ਕੋਰੋਨਾਵਾਇਰਸ ਨੇ ਕਹਿਰ ਮਚਾਇਆ ਹੋਇਆ ਹੈ, ਇੱਥੇ ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ। ਜੋ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ 'ਚ ਕੋਰੋਨਾ ਪੀੜਤਾਂ ਦੀ ਗਿਣਤੀ 49,520 ਤੱਕ ਪਹੁੰਚ ਚੁੱਕੀ ਹੈ ਜਿਨ੍ਹਾਂ 'ਚ 33,514 ਸਰਗਰਮ ਮਾਮਲੇ ਹਨ। ਇਸ ਖਤਰਨਾਕ ਵਾਇਰਸ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ 14,305 ਹੋ ਚੁੱਕੀ ਹੈ ਜਦਕਿ 1697 ਲੋਕਾਂ ਦੀ ਮੌਤ ਹੋ ਚੁੱਕੀ ਹੈ।


Iqbalkaur

Content Editor

Related News