ਚਿੱਕੜ ’ਚ ਧੱਸਿਆ ‘ਨੋਟਾਂ ਨਾਲ ਭਰਿਆ ਟਰੱਕ’, ਵੇਖਦੇ ਹੀ ਵੇਖਦੇ ਅੱਗ ਵਾਂਗ ਫੈਲ ਗਈ ਖ਼ਬਰ

09/17/2022 11:29:02 AM

ਹਰਦੋਈ– ਉੱਤਰ ਪ੍ਰਦੇਸ਼ ਦੇ ਕਾਨਪੁਰ ਤੋਂ ਬਰੇਲੀ ਜਾ ਰਿਹਾ ਇਕ ਟਰੱਕ ਮੀਂਹ ਨਾਲ ਹੋਏ ਚਿੱਕੜ ਵਿਚ ਧੱਸ ਗਿਆ। ਟਰੱਕ ਨੂੰ ਕੱਢਣ ਦੀ ਜੁਗਤ ਵਿਚ ਉਸ ਦੇ ਅੰਦਰੋਂ ਸੜਕ ’ਤੇ ਕੁਝ ਅਜਿਹਾ ਡਿੱਗਿਆ ਕਿ ਨੇੜੇ-ਤੇੜੇ ਦੇ ਇਲਾਕਿਆਂ ਵਿਚ ਮੰਨੋ ਭਾਜੜ ਜਿਹੀ ਮੱਚ ਗਈ। ਸੜਕ ’ਤੇ ਚੱਲਦੇ ਹੋਏ ਰਾਹਗੀਰ ਵੀ ਆਪਣੀ ਗੱਡੀ ਰੋਕ-ਰੋਕ ਕੇ ਰੁਕਣ ਲੱਗੇ। ਪੇਂਡੂ ਵੀ ਮੌਕੇ ’ਤੇ ਪੁੱਜ ਗਏ। ਇੰਨਾ ਹੀ ਨਹੀਂ ਪੁਲਸ ਅਤੇ ਆਰ. ਬੀ. ਆਈ. ਦੀ ਟੀਮ ਵੀ ਟਰੱਕ ’ਚੋਂ ਡਿੱਗੀਆਂ ਚੀਜ਼ਾਂ ਦਾ ਰਹੱਸ ਜਾਣਨ ਲਈ ਨਿਕਲ ਪਈ।

ਅਸਲੀਅਤ ਪਤਾ ਲੱਗੀ ਤਾਂ ਸਾਰਿਆਂ ਦੇ ਹੋਸ਼ ਉਡ ਗਏ। ਦਰਅਸ ਟਰੱਕ ਵਿਚ ਨੋਟਾਂ ਦੀ ਕਤਰਨ ਭਰੀ ਹੋਈ ਸੀ। ਕਾਨਪੁਰ ਤੋਂ ਬਰੇਲੀ ਜਾ ਰਿਹਾ ਟਰੱਕ ਹਰਦੋਈ ਜ਼ਿਲ੍ਹੇ ਦੇ ਬੇਹਟਾ ਗੋਕੁਲ ਥਾਣੇ ਦੇ ਪਿੰਡ ਦਲੇਲੁਪਰ ਨੇੜੇ ਚਿੱਕੜ ਵਿਚ ਧੱਸ ਗਿਆ। ਟਰੱਕ ਨੂੰ ਕੱਢਣ ਦੇ ਚੱਕਰ ਵਿਚ ਉਸ ਦੇ ਅੰਦਰ ਲੱਦੀ ਨੋਟਾਂ ਦੀ ਕਤਰਨ ਦਾ ਬੰਡਲ ਸੜਕ ’ਤੇ ਡਿੱਗ ਗਿਆ। ਕਿਸੇ ਰਾਹਗੀਰ ਦੀ ਨਜ਼ਰ ਪਈ ਤਾਂ ਟਰੱਕ ਵਿਚ ਨੋਟ ਭਰੇ ਹੋਣ ਦਾ ਰੌਲਾ ਪੈ ਗਿਆ। ਬਾਅਦ ਵਿਚ ਆਰ. ਬੀ. ਆਈ. ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਟਰੱਕ ਨੂੰ ਚਿੱਕੜ ਵਿਚੋਂ ਕੱਢਵਾ ਕੇ ਉਸ ਨੂੰ ਰਵਾਨਾ ਕੀਤਾ ਗਿਆ।

ਨੋਟਾਂ ਨਾਲ ਭਰੇ ਟਰੱਕ ਦੀ ਸੂਚਨਾ ’ਤੇ ਲੋਕਾਂ ਦੇ ਪਹੁੰਚਣ ਦੀ ਖ਼ਬਰ ਮਗਰੋਂ ਪੁਲਸ ਨੂੰ ਇਸ ਪੂਰੇ ਮਾਮਲੇ ਦੀ ਖ਼ਬਰ ਮਿਲੀ। ਜਿਸ ਤੋਂ ਬਾਅਦ ਮੌਕੇ ’ਤੇ ਪੁਲਸ ਵੀ ਪੁੱਜੀ। ਪੁਲਸ ਨੇ ਇਸ ਪੂਰੇ ਮਾਮਲੇ ਨੂੰ ਸਮਝਿਆ ਅਤੇ ਆਰ. ਬੀ. ਆਈ. ਦੇ ਅਧਿਕਾਰੀਆਂ ਨਾਲ ਗੱਲਬਾਤ ਮਗਰੋਂ ਟਰੱਕ ਨੂੰ ਚਿੱਕੜ ’ਚੋਂ ਕੱਢਵਾ ਕੇ ਰਵਾਨਾ ਕੀਤਾ। ਓਧਰ ਇਸ ਸਬੰਧੀ ਵਧੀਕ ਐਸ.ਪੀ ਦੁਰਗੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਪਤਾ ਲੱਗਾ ਕਿ ਇਸ ਤਰ੍ਹਾਂ ਇਕ ਟਰੱਕ ਫਸਿਆ ਹੋਇਆ ਹੈ, ਜਿਸ ’ਤੇ ਸੀ.ਓ. ਹਰਪਾਲਪੁਰ ਮੌਕੇ ’ਤੇ ਪੁੱਜੇ। ਜਦੋਂ ਉਨ੍ਹਾਂ ਆਰ. ਬੀ. ਆਈ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਟਰੱਕ ਕਾਨਪੁਰ ਤੋਂ ਬਰੇਲੀ ਜਾ ਰਿਹਾ ਸੀ, ਉਸ ਨੂੰ ਕੱਢਵਾ ਕੇ ਰਵਾਨਾ ਕਰ ਦਿੱਤਾ ਗਿਆ ਹੈ।
 

Tanu

This news is Content Editor Tanu