ਇਕ ਟੱਕਰ ਤੇ ਫਿਰ ਜਿਊਂਦੇ ਸੜ ਗਏ 20 ਲੋਕ, ਇਹ ਸੀ ਮੌਤ ਦਾ ਭਿਆਨਕ ਮੰਜ਼ਰ

01/11/2020 6:06:21 PM

ਕੰਨੌਜ— ਉੱਤਰ ਪ੍ਰਦੇਸ਼ ਦੇ ਕੰਨੌਜ 'ਚ ਕੱਲ ਭਾਵ ਸ਼ੁੱਕਰਵਾਰ ਦੀ ਰਾਤ ਅਜਿਹੀ ਕਾਲੀ ਰਾਤ ਸਾਬਤ ਹੋਈ, ਜਿੱਥੇ 20 ਲੋਕ ਜਿਊਂਦੇ ਸੜ ਗਏ। ਭਿਆਨਕ ਸੜਕ ਹਾਦਸੇ ਨੇ ਕਈ ਘਰਾਂ 'ਚ ਸੱਥਰ ਵਿਛਾ ਦਿੱਤੇ। ਸਲੀਪਰ ਕੋਚ ਬੱਸ ਜੈਪੁਰ ਜਾ ਰਹੀ ਸੀ ਅਤੇ ਹਾਈਵੇਅ 'ਤੇ ਟਰੱਕ ਨਾਲ ਟਕਰਾ ਗਈ। ਦੇਖਦੇ ਹੀ ਦੇਖਦੇ ਬੱਸ ਅੱਗ ਦਾ ਗੋਲਾ ਬਣ ਗਈ ਅਤੇ ਫਿਰ ਬੱਸ ਦਾ ਇਹ ਸਫਰ ਮੌਤ ਦਾ ਸਫਰ ਬਣ ਗਿਆ। ਬੱਸ 'ਚ ਫਸੇ ਯਾਤਰੀਆਂ ਨੂੰ ਨਿਕਲਣ ਦਾ ਮੌਕਾ ਨਹੀਂ ਮਿਲ ਸਕਿਆ। ਮੌਕੇ 'ਤੇ ਮੌਜੂਦ ਲੋਕਾਂ ਮੁਤਾਬਕ ਬੱਸ ਵਿਚ ਅੱਗ ਲੱਗਦੇ ਹੀ ਬੱਸ ਦੇ ਦਰਵਾਜ਼ੇ ਅਤੇ ਖਿੜਕੀਆਂ ਰਾਹੀਂ ਕੁਝ ਯਾਤਰੀਆਂ ਨੇ ਬਾਹਰ ਛਾਲਾਂ ਮਾਰੀਆਂ। ਬੱਸ 'ਚੋਂ ਸਿਰਫ 10-12 ਲੋਕ ਹੀ ਉਤਰਨ 'ਚ ਸਫਲ ਹੋ ਸਕੇ ਅਤੇ ਬਾਕੀ ਲੋਕ ਬਸ 'ਚ ਵੀ ਫਸ ਗਏ। 

ਓਧਰ ਕੰਨੌਜ ਦੇ ਜ਼ਿਲਾ ਅਧਿਕਾਰੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਬੱਸ 'ਚ ਕਰੀਬ 40 ਤੋਂ 45 ਲੋਕ ਸਵਾਰ ਸਨ। ਕੰਨੌਜ ਦੇ ਜੀ.ਟੀ. ਰੋਡ ਹਾਈਵੇਅ 'ਤੇ ਬੱਸ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ਹੋ ਗਈ, ਜਿਸ ਤੋਂ ਬਾਅਦ ਬੱਸ 'ਚ ਭਿਆਨਕ ਅੱਗ ਲੱਗ ਗਈ। ਘਟਨਾ ਤੋਂ ਅਗਲੇ ਦਿਨ ਸਵੇਰ ਘਟਨਾ ਵਾਲੀ ਥਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ। ਕਾਨਪੁਰ ਰੇਂਜ ਦੇ ਆਈ. ਜੀ. ਮੋਹਿਤ ਅਗਰਵਾਲ ਨੇ ਕਿਹਾ ਕਿ 25 ਯਾਤਰੀਆਂ ਨੂੰ ਬਚਾਇਆ ਗਿਆ ਹੈ। ਇਨ੍ਹਾਂ 'ਚੋਂ 12 ਨੂੰ ਇਲਾਜ ਲਈ ਮੈਡੀਕਲ ਕਾਲਜ ਅਤੇ 11 ਨੂੰ ਜ਼ਿਲਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ 2 ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਸਨ, ਜਿਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ। 

ਆਈ. ਜੀ. ਨੇ ਦੱਸਿਆ ਕਿ ਯਾਤਰੀ ਬੁਰੀ ਤਰ੍ਹਾਂ ਸੜ ਗਏ ਹਨ, ਉਨ੍ਹਾਂ ਦੀ ਹੱਡੀਆਂ ਬਿਖਰੀਆਂ ਹੋਈਆਂ ਸਨ। ਉਨ੍ਹਾਂ ਨੇ ਕਿਹਾ ਕਿ ਕਿੰਨੇ ਲੋਕਾਂ ਦੀ ਮੌਤ ਹੋਈ ਹੈ, ਹੁਣ ਸਿਰਫ ਡੀ. ਐੱਨ. ਏ. ਟੈਸਟ ਤੋਂ ਬਾਅਦ ਹੀ ਇਹ ਦੱਸਿਆ ਜਾ ਸਕੇਗਾ। ਉਨ੍ਹਾਂ ਨੇ ਦੱਸਿਆ ਕਿ 8 ਤੋਂ 10 ਲੋਕਾਂ ਦੀਆਂ ਲਾਸ਼ਾਂ ਹਨ ਪਰ ਬੱਸ ਨੂੰ ਕਾਫੀ ਨੁਕਸਾਨ ਪੁੱਜਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਯਾਤਰੀ ਲਾਪਤਾ ਵੀ ਹਨ। ਹੋ ਸਕਦਾ ਹੈ ਕਿ ਉਨ੍ਹਾਂ ਦੀ ਮੌਤ ਹੋ ਗਈ ਹੋਵੇ ਪਰ ਅਜੇ ਇਹ ਯਕੀਨੀ ਨਹੀਂ ਹੈ। ਅਜਿਹੇ ਵਿਚ ਮੌਤ ਦਾ ਅੰਕੜਾ ਡੀ. ਐੱਨ. ਏ. ਟੈਸਟ ਮਗਰੋਂ ਹੀ ਸਾਫ ਹੋ ਸਕਦਾ ਹੈ।

Tanu

This news is Content Editor Tanu