24 ਘੰਟਿਆਂ ਦੇ ਅੰਦਰ ਸੁਲਝੀ ਕਮਲੇਸ਼ ਕਤਲ ਕਾਂਡ ਦੀ ਗੁੱਥੀ, 3 ਗ੍ਰਿਫਤਾਰ

10/19/2019 12:19:32 PM

ਸੂਰਤ (ਵਾਰਤਾ)— ਗੁਜਰਾਤ ਪੁਲਸ ਦੇ ਅੱਤਵਾਦ ਰੋਕੂ ਦਸਤੇ (ਏ. ਟੀ. ਐੱਸ.) ਨੇ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਹਿੰਦੂ ਸਮਾਜ ਪਾਰਟੀ ਦੇ ਨੇਤਾ ਕਮਲੇਸ਼ ਤਿਵਾੜੀ ਦੇ ਸਨਸਨੀਖੇਜ ਕਤਲ ਮਾਮਲੇ ਨੂੰ 24 ਘੰਟਿਆਂ ਦੇ ਅੰਦਰ ਸੁਲਝਾ ਲਿਆ ਹੈ। ਇਸ ਮਾਮਲੇ ਦੇ 3 ਮੁੱਖ ਸਾਜਿਸ਼ਕਰਤਾਵਾਂ ਨੂੰ ਅੱਜ ਭਾਵ ਸ਼ਨੀਵਾਰ ਨੂੰ ਸੂਰਤ ਤੋਂ ਗ੍ਰਿਫਤਾਰ ਕਰ ਲਿਆ, ਜਦਕਿ ਦੋ ਕਾਤਲਾਂ ਨੂੰ ਵੀ ਛੇਤੀ ਹੀ ਫੜੇ ਜਾਣ ਦੀ ਸੰਭਾਵਨਾ ਹੈ। ਦੱਸਣਯੋਗ ਹੈ ਕਿ ਮੁਸਲਿਮ ਭਾਈਚਾਰੇ ਅਤੇ ਇਸ ਦੇ ਪੈਗੰਬਰ ਮੁਹੰਮਦ ਬਾਰੇ ਵਿਵਾਦਪੂਰਨ ਟਿੱਪਣੀ ਕਾਰਨ ਪਹਿਲੀ ਵਾਰ 2015 'ਚ ਸੁਰਖੀਆਂ 'ਚ ਆਏ ਕਮਲੇਸ਼ ਤਿਵਾੜੀ ਦੀ ਕੱਲ ਭਾਵ ਸ਼ੁੱਕਰਵਾਰ ਨੂੰ ਲਖਨਊ ਦੇ ਖੁਰਸ਼ੀਦਬਾਗ ਸਥਿਤ ਉਨ੍ਹਾਂ ਦੇ ਦਫਤਰ 'ਚ ਬੇਰਹਿਮੀ ਨਾਲ ਦੋ ਅਣਪਛਾਤੇ ਲੋਕਾਂ ਨੇ ਗਲਾ ਵੱਢ ਕੇ ਅਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ। 

ਓਧਰ ਗੁਜਰਾਤ ਏ. ਟੀ. ਐੱਸ. ਦੇ ਐੱਸ. ਪੀ. ਹਿਮਾਂਸ਼ੂ ਸ਼ੁਕਲਾ ਅਤੇ ਡੀ. ਐੱਸ. ਪੀ. ਕੇ. ਕੇ. ਪਟੇਲ ਨੇ ਦੱਸਿਆ ਕਿ ਇਸ ਮਾਮਲੇ ਦੇ 3 ਮੁੱਖ ਸਾਜਿਸ਼ਕਰਤਾ ਰਾਸ਼ਿਦ ਪਠਾਨ (30), ਮੌਲਵੀ ਮੋਹਸਿਨ ਸ਼ੇਖ (28) ਅਤੇ ਫੈਜਾਨ ਮੈਂਬਰ (24) ਜੋ ਕਿ ਸੂਰਤ ਦੇ ਵਾਸੀ ਹਨ, ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੇ ਦੋ ਹੋਰ ਸਾਥੀਆਂ ਜਿਨ੍ਹਾਂ ਨੇ ਤਿਵਾੜੀ ਦੇ ਕਤਲ ਨੂੰ ਅੰਜ਼ਾਮ ਦਿੱਤਾ ਹੈ, ਦੀ ਵੀ ਪਛਾਣ ਹੋ ਗਈ ਹੈ ਅਤੇ ਛੇਤੀ ਹੀ ਉਨ੍ਹਾਂ ਨੂੰ ਫੜ ਲਿਆ ਜਾਵੇਗਾ। ਇਨ੍ਹਾਂ ਲੋਕਾਂ ਨੇ ਸਾਲ 2015 ਵਿਚ ਹੀ ਕਮਲੇਸ਼ ਦੇ ਕਤਲ ਦੀ ਯੋਜਨਾ ਬਣਾਈ ਸੀ ਪਰ ਉਦੋਂ ਅਜਿਹਾ ਨਹੀਂ ਹੋ ਸਕਿਆ। 

ਦਰਅਸਲ ਰਾਸ਼ਿਦ ਪਠਾਨ ਦੁਬਈ ਚਲਾ ਗਿਆ ਅਤੇ ਦੋ ਸਾਲ ਰਹਿ ਕੇ ਵਾਪਸ ਪਰਤਿਆ। ਇਨ੍ਹਾਂ ਲੋਕਾਂ ਨੇ ਹਾਲ ਹੀ ਵਿਚ ਫਿਰ ਯੋਜਨਾ ਬਣਾਈ ਅਤੇ ਦੋਵੇਂ ਕਾਤਲ 16 ਅਕਤੂਬਰ ਨੂੰ ਸੂਰਤ ਤੋਂ ਲਖਨਊ ਰਵਾਨਾ ਹੋਏ ਸਨ। ਡੀ. ਐੱਸ. ਪੀ. ਪਟੇਲ ਨੇ ਦੱਸਿਆ ਕਿ ਮੌਕਾ-ਏ-ਵਾਰਦਾਤ ਤੋਂ ਮਿਲੇ ਮਠਿਆਈ ਦੇ ਇਕ ਡੱਬੇ ਜਿਸ ਨੂੰ ਕਾਤਲ ਸੂਰਤ ਦੇ ਉਧਨਾ ਦੀ ਦੁਕਾਨ ਤੋਂ ਖਰੀਦ ਕੇ ਲੈ ਗਏ ਸਨ ਅਤੇ ਮ੍ਰਿਤਕ ਤਿਵਾੜੀ ਦੇ ਫੋਨ ਤੋਂ ਮਿਲੇ ਸੁਰਾਗ ਦੇ ਆਧਾਰ 'ਤੇ ਇਸ ਮਾਮਲੇ ਨੂੰ ਸੁਲਝਾਇਆ ਗਿਆ ਹੈ। 

Tanu

This news is Content Editor Tanu