ਕਮਲ ਹਾਸਨ ਨੇ ਕੀਤਾ ਆਪਣੀ ਸਿਆਸੀ ਪਾਰਟੀ ਦਾ ਐਲਾਨ

02/21/2018 8:52:50 PM

ਮਦੂਰੇ—ਮਸ਼ਹੂਰ ਅਭਿਨੇਤਾ ਕਮਲ ਹਾਸਨ ਨੇ ਅੱਜ ਅਧਿਕਾਰਕ ਤੌਰ 'ਤੇ ਆਪਣੀ ਸਿਆਸੀ ਪਾਰਟੀ ਦਾ ਐਲਾਨ ਕਰ ਦਿੱਤਾ ਹੈ, ਜਿਸ ਦਾ ਨਾਂ ਉਨ੍ਹਾਂ ਨੇ 'ਮੱਕਲ ਨਿਧੀ ਮਾਇਯਮ' ਰੱਖਿਆ ਹੈ, ਇਸ ਦਾ ਅਰਥ 'ਲੋਕ ਨਿਆਂ ਪਾਰਟੀ' ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜਦੋਂ ਮੈਂ ਪਾਰਟੀ ਦੇ ਨਾਂ ਦਾ ਐਲਾਨ ਕਰਾਂਗਾ ਤਾਂ ਜ਼ੋਰ ਨਾਲ ਆਵਾਜ਼ ਆਉਣੀ ਚਾਹੀਦੀ ਹੈ। ਇਹ ਲੋਕਾਂ ਦੀ ਪਾਰਟੀ ਹੈ ਅਤੇ ਮੈਂ ਇਸ ਪਾਰਟੀ ਦਾ ਨੇਤਾ ਨਹੀਂ ਹਾਂ। ਇਹ ਸਿਰਫ ਇਕ ਦਿਨ ਲਈ ਨਹੀਂ ਹੈ ਬਲਕਿ ਇਹ ਲੰਬੇ ਸਮੇਂ ਦਾ ਟੀਚਾ ਹੈ।
ਪਾਰਟੀ ਦੇ ਨਾਂ ਦੇ ਨਾਲ ਹੀ ਉਨ੍ਹਾਂ ਨੇ ਪਾਰਟੀ ਦਾ ਝੰਡਾ ਵੀ ਜਾਰੀ ਕਰ ਦਿੱਤਾ ਹੈ। ਹਜ਼ਾਰਾਂ ਦੀ ਗਿਣਤੀ 'ਚ ਮੌਜੂਦ ਲੋਕਾਂ 'ਚ ਸੁਪਰਸਟਾਰ ਕਮਲ ਹਾਸਨ ਨੇ ਆਪਣੀ ਪਾਰਟੀ ਦਾ ਨਾਂ ਐਲਾਨ ਕੀਤਾ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਆਗੂ ਸੋਮਨਾਥ ਭਾਰਤੀ ਵੀ ਮੰਚ 'ਤੇ ਮੌਜੂਦ ਰਹੇ ਸਨ। ਇਸ ਦੇ ਨਾਲ ਹੀ ਪਾਰਟੀ ਦੀ ਵੈੱਬਸਾਈਟ ਵੀ ਲਾਂਚ ਕਰ ਕੀਤੀ ਗਈ ਹੈ। ਹਾਸਨ ਦੀ ਵੈਬਸਾਈਟ www.maiam.com ਹੈ, ਜਿਸ 'ਤੇ ਪਾਰਟੀ ਜੁਆਇਨ ਕਰਨ ਦਾ ਵਿਕਲਪ ਸਭ ਤੋਂ 'ਤੇ ਰੱਖਿਆ ਗਿਆ ਹੈ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਏ. ਪੀ. ਜੇ. ਅਬਦੁਲ ਕਲਾਮ ਦੇ ਘਰ ਦਾ ਦੌਰਾ ਕਰ ਕੇ ਬੁੱਧਵਾਰ ਆਪਣੇ ਸਿਆਸੀ ਸਫਰ ਦੀ ਸ਼ੁਰੂਆਤ ਕੀਤੀ ਅਤੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਉਨ੍ਹਾਂ ਦੇ ਆਦਰਸ਼ ਹਨ। ਬੁੱਧਵਾਰ ਰਾਤ ਮਦੂਰੇ 'ਚ ਹਾਸਨ ਆਪਣੇ ਸਿਆਸੀ ਦਲ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਨੇ ਆਪਣਾ ਸਿਆਸੀ ਸਫਰ ਕਲਾਮ ਦੇ ਘਰ ਦੀ ਯਾਤਰਾ ਤੋਂ ਸ਼ੁਰੂ ਕੀਤਾ।
ਉਨ੍ਹਾਂ ਨੇ ਇਸ ਦੌਰਾਨ ਕਲਾਮ ਦੇ ਘਰ ਦੇ ਦੌਰੇ ਨੂੰ ਲੈ ਕੇ ਟਵੀਟ ਕੀਤਾ ਅਤੇ ਲਿਖਿਆ ਕਿ ਮਹਾਨਤਾ ਸਾਧਾਰਣ ਸ਼ੁਰੂਆਤਾਂ ਤੋਂ ਜਨਮ ਲੈਂਦੀ ਹੈ। ਅਸਲ 'ਚ ਇਹ ਸਿਰਫ ਸਾਦਗੀ ਤੋਂ ਹੀ ਜਨਮ ਲਵੇਗੀ। ਇਕ ਮਹਾਨ ਇਨਸਾਨ ਦੇ ਸਾਧਾਰਣ ਘਰ ਤੋਂ ਆਪਣੇ ਇਸ ਸਫਰ ਦੀ ਸ਼ੁਰੂਆਤ ਕਰਨ 'ਚ ਮੈਨੂੰ ਖੁਸ਼ੀ ਹੋ ਰਹੀ ਹੈ।