ਕੋਰੋਨਾ : 1981 ਤੋਂ ਪਿਛੋਂ ਪਹਿਲੀ ਵਾਰ ਕੈਲਾਸ਼ ਮਾਨਸਰੋਵਰ ਯਾਤਰਾ ''ਤੇ ਗ੍ਰਹਿਣ

04/22/2020 5:32:08 PM

ਗੰਗਟੋਕ— ਵਿਸ਼ਵ ਪ੍ਰਸਿੱਧ ਕੈਲਾਸ਼ ਮਾਨਸਰੋਵਰ ਦੀ ਯਾਤਰਾ ਇਸ ਸਾਲ ਨਹੀਂ ਹੋ ਸਕੇਗੀ। ਕੋਰੋਨਾ ਵਾਇਰਸ ਕਾਰਨ ਇਸ ਯਾਤਰਾ 'ਤੇ ਵੀ ਗ੍ਰਹਿਣ ਲੱਗ ਗਿਆ ਹੈ। ਸਿੱਕਮ ਸਰਕਾਰ ਨੇ ਕੋਵਿਡ-19 ਦੇ ਮੱਦੇਨਜ਼ਰ ਅਗਲੇ ਮਹੀਨੇ ਆਯੋਜਿਤ ਕੀਤੀ ਜਾਣ ਵਾਲੀ ਕੈਲਾਸ਼ ਮਾਨਸਰੋਵਰ ਯਾਤਰਾ ਨਾ ਕਰਵਾਉਣ ਦਾ ਫੈਸਲਾ ਕੀਤਾ ਹੈ। ਚੀਨ ਦੇ ਤਿੱਬਤੀ ਖੇਤਰ 'ਚ ਸਥਿਤ ਕੈਲਾਸ਼ ਮਾਨਸਰੋਵਰ ਦੀ ਯਾਤਰਾ ਉੱਤਰਾਖੰਡ ਦੇ ਰਵਾਇਤੀ ਰਸਤੇ ਤੋਂ ਇਲਾਵਾ ਸਿੱਕਮ ਦੇ ਨਥੂਲਾ ਰਾਹੀਂ ਵੀ ਕੀਤੀ ਜਾਂਦੀ ਹੈ।

ਸਿੱਕਮ ਦੇ ਸੈਰ ਸਪਾਟਾ ਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਬੀ. ਐੱਸ. ਪੰਥ ਨੇ ਕਿਹਾ ਕਿ ਸੂਬਾ ਸਰਕਾਰ ਨੇ ਕੇਂਦਰੀ ਵਿਦੇਸ਼ ਮੰਤਰਾਲਾ ਅਤੇ ਗ੍ਰਹਿ ਮੰਤਰਾਲਾ ਨੂੰ ਇਸ ਫੈਸਲੇ ਬਾਰੇ ਜਾਣਕਾਰੀ ਦੇ ਦਿੱਤੀ ਹੈ। ਸਿੱਕਮ ਦੀ ਸਰਕਾਰ ਨੇ ਅਕਤੂਬਰ 2020 ਤੱਕ ਸੂਬੇ 'ਚ ਘਰੇਲੂ ਸੈਲਾਨੀਆਂ ਦੇ ਦਾਖਲੇ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ।
ਉੱਥੇ ਹੀ, ਕੋਵਿਡ-19 ਦੇ ਕਾਰਨ ਵਿਦੇਸ਼ੀ ਸੈਲਾਨੀਆਂ ਦਾ ਸੂਬੇ 'ਚ ਦਾਖਲਾ ਇਸ ਸਾਲ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ। ਸੈਰ-ਸਪਾਟਾ ਸਿੱਕਮ ਦੀ ਆਮਦਨ ਦਾ ਮੁੱਖ ਸਾਧਨ ਹੈ ਪਰ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਇਸ ਸਮੇਂ ਲੋਕਾਂ ਦੀ ਸੁਰੱਖਿਆ ਸਭ ਤੋਂ ਵੱਧ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਕੈਲਾਸ਼ ਮਾਨਸਰੋਵਰ ਯਾਤਰਾ ਦੇ ਸੰਬੰਧ 'ਚ ਹਰ ਸਾਲ ਵਿਦੇਸ਼ ਮੰਤਰਾਲਾ ਸਭ ਕੁਝ ਨਿਰਧਾਰਤ ਕਰਦਾ ਹੈ ਪਰ ਇਸ ਵਾਰ ਕੋਰੋਨਾ ਵਾਇਰਸ ਕਾਰਨ ਇਹ ਮੀਟਿੰਗ ਵੀ ਨਹੀਂ ਹੋ ਸਕੀ। ਚੀਨ ਤੇ ਭਾਰਤ ਦੋਵੇਂ ਹੀ ਦੇਸ਼ਾਂ 'ਚ ਕੋਰੋਨਾ ਦਾ ਸੰਕਰਮਣ ਹੈ। ਹੁਣ ਤੱਕ ਵਿਦੇਸ਼ ਮੰਤਰਾਲਾ ਦੇ ਪੱਧਰ 'ਤੇ ਵੀ ਇਸ ਯਾਤਰਾ ਨੂੰ ਲੈ ਕੇ ਕੋਈ ਤਿਆਰੀ ਨਹੀਂ ਹੋਈ ਹੈ। ਕਿਹਾ ਜਾ ਰਿਹਾ ਹੈ ਕਿ ਇਹ ਪਹਿਲੀ ਵਾਰ ਹੋਵੇਗਾ ਕਿ 1981 ਤੋਂ ਸ਼ੁਰੂ ਯਾਤਰਾ ਤੋਂ ਬਾਅਦ ਇਕ ਵੀ ਤੀਰਥ ਯਾਤਰੀ ਪਵਿੱਤਰ ਕੈਲਾਸ਼ ਪਰਬੱਤ ਤੇ ਮਾਨਸਰੋਵਰ ਝੀਲ ਦੇ ਦਰਸ਼ਨ ਨਹੀਂ ਕਰ ਸਕੇਗਾ। ਹਾਲਾਂਕਿ, ਇਸ ਤੋਂ ਪਹਿਲਾਂ ਮਾਲਪਾ ਹਾਦਸੇ ਤੇ ਬੀਜਿੰਗ ਓਲੰਪਿਕ ਦੌਰਾਨ ਕੁਝ ਦਲਾਂ ਦੀ ਯਾਤਰਾ ਰੱਦ ਕਰਨੀ ਪਈ ਸੀ।

Sanjeev

This news is Content Editor Sanjeev