ਕੈਲਾਸ਼ ਮਾਨਸਰੋਵਰ ਯਾਤਰਾ ਸ਼ੁਰੂ, ਵਿਦੇਸ਼ ਮੰਤਰੀ ਨੇ ਪਹਿਲਾਂ ਜੱਥਾ ਕੀਤਾ ਰਵਾਨਾ

06/11/2019 4:44:01 PM

ਨਵੀਂ ਦਿੱਲੀ— ਕੈਲਾਸ਼ ਮਾਨਸਰੋਵਰ ਦੀ ਇਸ ਸਾਲ ਦੀ ਯਾਤਰਾ ਮੰਗਲਵਾਰ ਤੋਂ ਸ਼ੁਰੂ ਹੋ ਗਈ। ਵਿਦੇਸ਼ ਮੰਤਰੀ ਡਾ. ਸੁਬਰਾਮਣੀਅਮ ਜੈਸ਼ੰਕਰ ਨੇ ਦਿੱਲੀ ਦੇ ਜਵਾਹਰਲਾਲ ਨਹਿਰੂ ਭਵਨ 'ਚ ਉਤਰਾਖੰਡ ਤੋਂ ਹੋ ਕੇ ਜਾਣ ਵਾਲੇ ਯਾਤਰੀਆਂ ਦੇ ਪਹਿਲੇ ਜੱਥੇ ਨੂੰ ਸ਼ੁੱਭਕਾਮਨਾਵਾਂ ਨਾਲ ਵਿਦਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਯਾਤਰਾ ਦੇ ਆਯੋਜਨ 'ਚ ਚੀਨ ਸਰਕਾਰ ਦੇ ਯੋਗਦਾਨ ਦਾ ਜ਼ਿਕਰ ਕਰਨਾ ਚਾਹਾਂਗਾ, ਜੋ ਆਪਸੀ ਰਿਸ਼ਤਿਆਂ ਨੂੰ ਬਿਹਤਰ ਕਰਨ ਦੀ ਦਿਸ਼ਾ 'ਚ ਅਹਿਮ ਕਦਮ ਹੈ। ਜ਼ਿਕਰਯੋਗ ਹੈ ਕਿ ਉਤਰਾਖੰਡ ਦੀ ਵਿਆਸ ਘਾਟੀ ਤੋਂ ਹੋ ਕੇ ਲੰਘਣ ਵਾਲੀ ਇਤਿਹਾਸਕ ਕੈਲਾਸ਼ ਮਾਨਸਰੋਵਰ ਯਾਤਰਾ 12 ਜੂਨ ਤੋਂ ਸ਼ੁਰੂ ਹੋ ਰਹੀ ਹੈ ਅਤੇ ਇਸ ਲਈ ਪ੍ਰਸ਼ਾਸਨ ਨੇ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ।

ਯਾਤਰਾ ਮਾਰਗ ਜਿੰਨਾ ਕਠਿਨ ਹੈ, ਓਨਾ ਹੀ ਮਨੋਰਮ ਵੀ
ਵਿਦੇਸ਼ ਮੰਤਰੀ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਕਿ ਉਹ ਜੱਥੇ ਨਾਲ ਜਾਣ ਵਾਲੇ ਸੰਪਰਕ ਅਧਿਕਾਰੀਆਂ ਦੀ ਸੁਰੱਖਿਆ ਸਲਾਹ ਦਾ ਪੂਰੀ ਤਰ੍ਹਾਂ ਨਾਲ ਪਾਲਣ ਕਰਨ। ਉਨ੍ਹਾਂ ਨੇ ਕਿਹਾ ਕਿ ਯਾਤਰਾ ਦਾ ਮਾਰਗ ਜਿੰਨਾ ਕਠਿਨ ਹੈ, ਓਨਾ ਹੀ ਮਨੋਰਮ ਵੀ ਹੈ। ਯਾਤਰੀਆਂ ਨੂੰ ਯਕੀਨੀ ਰੂਪ ਨਾਲ ਯਾਤਰਾ 'ਚ ਉਨ੍ਹਾਂ ਦੀ ਕਲਪਣਾ ਤੋਂ ਕਿਤੇ ਵਧ ਰੋਮਾਂਚਕ ਅਤੇ ਰੂਹਾਨੀ ਅਨੁਭਵ ਦੀ ਪ੍ਰਾਪਤੀ ਹੋਵੇਗੀ।

3 ਹਜ਼ਾਰ ਤੋਂ ਵਧ ਐਪਲੀਕੇਸ਼ਨਾਂ ਆਈਆਂ
ਜੈਸ਼ੰਕਰ ਨੇ ਯਾਤਰਾ ਦੇ ਉੱਤਮ ਪ੍ਰਬੰਧਨ ਲਈ ਉਤਰਾਖੰਡ, ਦਿੱਲੀ ਅਤੇ ਸਿੱਕਮ ਦੀਆਂ ਰਾਜ ਸਰਕਾਰਾਂ ਦਾ ਧੰਨਵਾਦ ਕੀਤਾ ਅਤੇ ਜਨਵਾਦੀ ਚੀਨ ਗਣਰਾਜ ਦੀ ਸਰਕਾਰ ਦੇ ਪ੍ਰਬੰਧਾਂ ਦੀ ਵੀ ਸ਼ਲਾਘਾ ਕੀਤੀ ਅਤੇ ਆਭਾਰ ਜ਼ਾਹਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਕੈਲਾਸ਼ ਮਾਨਸਰੋਵਰ ਯਾਤਰਾ ਲਈ 3 ਹਜ਼ਾਰ ਤੋਂ ਵਧ ਐਪਲੀਕੇਸ਼ਨਾਂ ਆਈਆਂ ਸਨ, ਜਿਨ੍ਹਾਂ 'ਚੋਂ 1580 ਲੋਕਾਂ ਨੂੰ ਜਾਣ ਦਾ ਮੌਕਾ ਮਿਲੇਗਾ। ਉਨ੍ਹਾਂ ਨੇ ਇਸ ਗੱਲ 'ਤੇ ਖੁਸ਼ੀ ਜ਼ਾਹਰ ਕੀਤੀ ਕਿ ਲੋਕਾਂ 'ਚ ਇਸ ਤੀਰਥ ਸਥਾਨ ਲਈ ਰੁਚੀ ਲਗਾਤਾਰ ਵਧ ਰਹੀ ਹੈ।

ਪੈਦਲ ਯਾਤਰਾ 18 ਕਿਲੋਮੀਟਰ ਹੋ ਗਈ ਹੈ ਘੱਟ
ਕੁਮਾਊ ਮੰਡਲ ਵਿਕਾਸ ਨਿਗਮ (ਕੇ.ਐਮ.ਵੀ.ਐਨ.) ਦੇ ਯਾਤਰਾ ਪ੍ਰਬੰਧਕ ਜੀ.ਐਸ. ਮਨਰਾਲ ਨੇ ਦੱਸਿਆ ਕਿ ਨਿਗਮ ਵੱਲੋਂ ਕੈਲਾਸ਼ ਯਾਤਰਾ ਨੂੰ ਲੈ ਕੇ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਇਸ ਵਾਰ ਦੀ ਯਾਤਰਾ 'ਚ ਖਾਸ ਗੱਲ ਇਹ ਹੈ ਕਿ ਪੈਦਲ ਯਾਤਰਾ ਲਗਭਗ 18 ਕਿਮੀ ਘੱਟ ਹੋ ਗਈ ਹੈ। ਇਸ ਤੋਂ ਇਲਾਵਾ ਯਾਤਰਾ ਹੈਲੀਕਾਪਟਰ ਦੀ ਥਾਂ ਆਪਣੇ ਪਰੰਪਰਾਗਤ ਰਸਤਿਆਂ ਤੋਂ ਪੈਦਲ ਹੋ ਕੇ ਲੰਘੇਗੀ। ਉੱਤਰਾਖੰਡ ਵਿੱਚ ਕੈਲਾਸ਼ ਯਾਤਰਾ ਨੂੰ ਲੈ ਕੇ ਕਾਫੀ ਉਤਸ਼ਾਹ ਹੈ। ਖਾਸ ਕਰ ਪੈਦਲ ਯਾਤਰਾ ਤੋਂ ਬਿਆਸ ਘਾਟੀ ਦੇ ਛੋਟੇ ਕਾਰੋਬਾਰੀ ਕਾਫੀ ਆਸ਼ਾਵੰਦ ਹਨ। ਜਾਣਕਾਰਾਂ ਦਾ ਮੰਨਣਾ ਹੈ ਕਿ ਇਸ ਵਾਰ ਪੈਦਲ ਯਾਤਰਾ ਸ਼ੁਰੂ ਹੋਣ ਨਾਲ ਬਿਆਸ ਘਾਟੀ ਦੀ ਰੌਣਕ ਵਾਪਸ ਪਰਤ ਆਵੇਗੀ।

DIsha

This news is Content Editor DIsha