ਕਾਬੁਲ ਹਮਲੇ ’ਚ ਮਾਰੇ ਗਏ ਸਿੱਖ ’ਤੇ ਚਲਾਈਆਂ ਗਈਆਂ ਸਨ ਕਈ ਗੋਲੀਆਂ, ਪਤਨੀ ਦਾ ਰੋ-ਰੋ ਕੇ ਬੁਰਾ ਹਾਲ

06/20/2022 12:14:51 PM

ਨਵੀਂ ਦਿੱਲੀ– ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਸਥਿਤ ਗੁਰਦੁਆਰਾ ਸਾਹਿਬ ਕਰਤੇ ਪਰਵਾਨ ’ਤੇ ਹੋਏ ਅੱਤਵਾਦੀ ਹਮਲੇ ’ਚ ਇਕ ਸਿੱਖ ਸਵਿੰਦਰ ਸਿੰਘ ਦੀ ਮੌਤ ਹੋ ਗਈ। ਸਵਿੰਦਰ ਸਿੰਘ ਦੇ ਪਰਿਵਾਰ ਦੇ ਇਕ ਮੈਂਬਰ ਨੇ ਦੱਸਿਆ ਕਿ ਜਿਸ ਸਮੇਂ ਉਨ੍ਹਾਂ ’ਤੇ ਹਮਲਾ ਕੀਤਾ ਗਿਆ, ਉਹ ਇਸ਼ਨਾਨ ਕਰ ਰਹੇ ਸਨ ਅਤੇ ਉਨ੍ਹਾਂ ’ਤੇ ਕਈ ਗੋਲੀਆਂ ਚਲਾਈਆਂ ਗਈਆਂ। ਦੱਸ ਦੇਈਏ ਗੁਰਦੁਆਰਾ ਸਾਹਿਬ ਕਰਤੇ ਪਰਵਾਨ ’ਚ ਸ਼ਨੀਵਾਰ ਨੂੰ ਕਈ ਧਮਾਕੇ ਹੋਏ, ਜਿਸ ’ਚ ਇਕ ਸਿੱਖ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ (ISIS) ਨੇ ਲਈ ਹੈ ਅਤੇ ਇਸ ਨੂੰ ਪੈਗੰਬਰ ਮੁਹੰਮਦ ਦੇ ‘ਸਮਰਥਨ ’ਚ ਕੀਤਾ ਹਮਲਾ’ ਦੱਸਿਆ ਹੈ। 

ਇਹ ਵੀ ਪੜ੍ਹੋ: ਕਾਬੁਲ ਹਮਲਾ: ਜਾਨ 'ਤੇ ਖੇਡ ਗੁਰਦੁਆਰਾ ਸਾਹਿਬ 'ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਰੱਖਿਅਤ ਕੱਢ ਲਿਆਏ ਸਿੱਖ

PunjabKesari

ਨਵੀਂ ਦਿੱਲੀ ’ਚ ਸਵਿੰਦਰ ਸਿੰਘ ਦਾ ਪਰਿਵਾਰ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਹੈਰਾਨ ਰਹਿ ਗਿਆ। ਸਿੰਘ ਦੀ ਪਤਨੀ ਦੇ ਭਰਾ ਪੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਦੀ ਰੋ-ਰੋ ਕੇ ਸਿਹਤ ਖਰਾਬ ਹੋ ਗਈ ਹੈ। ਸਵਿੰਦਰ ਸਿੰਘ ਸੇਵਾ ਕਰਨ ਲਈ ਗੁਰਦੁਆਰਾ ਕਰਤੇ ਪਰਵਾਨ ਗਏ ਸਨ ਅਤੇ ਉਸ ਦੇ ਕੰਪਲੈਕਸ ’ਚ ਬਣੇ ਇਕ ਕਮਰੇ ’ਚ ਠਹਿਰੇ ਸਨ। ਪੁਪਿੰਦਰ ਨੇ ਕਿਹਾ ਕਿ ਕਾਬੁਲ ’ਚ ਰਹਿਣ ਵਾਲੇ ਮੇਰੇ ਛੋਟੇ ਭਰਾ ਦਾ ਕੱਲ ਫੋਨ ਆਇਆ ਅਤੇ ਉਨ੍ਹਾਂ ਨੇ ਗੁਰਦੁਆਰੇ ’ਤੇ ਹੋਏ ਹਮਲੇ ਦੀ ਜਾਣਕਾਰੀ ਦਿੱਤੀ। ਉਹ ਟੈਕਸੀ ’ਚ ਆਪਣੇ ਦੋਸਤਾਂ ਨਾਲ ਜਲਾਲਾਬਾਦ ਜਾ ਰਹੇ ਸਨ ਪਰ ਹਮਲੇ ਬਾਰੇ ਪਤਾ ਲੱਗਦੇ ਹੀ ਉਹ ਕਾਬੁਲ ਨਿਕਲ ਗਏ। ਕਾਬੁਲ ’ਚ ਜਨਮੇ ਪੁਪਿੰਦਰ ਨੇ ਦੱਸਿਆ ਕਿ ਉਹ ਅਫ਼ਗਾਨਿਸਤਾਨ ਦੇ ਇਕ ਸਿੱਖ ਪਰਿਵਾਰ ਤੋਂ ਹਨ ਅਤੇ ਸਵਿੰਦਰ ਸਿੰਘ ਤੇ ਪਰਿਵਾਰ ਦੇ ਕਈ ਹੋਰ ਮੈਂਬਰਾਂ ਦਾ ਜਨਮ ਅਫ਼ਗਾਨਿਸਤਾਨ ’ਚ ਹੋਇਆ ਅਤੇ ਉੱਥੇ ਹੀ ਪਲੇ-ਵਧੇ। 

ਇਹ ਵੀ ਪੜ੍ਹੋ: ਕਾਬੁਲ ਹਮਲਾ: ਭਾਰਤ ਸਰਕਾਰ ਦਾ ਵੱਡਾ ਫ਼ੈਸਲਾ, 100 ਤੋਂ ਵੱਧ ਹਿੰਦੂ-ਸਿੱਖਾਂ ਨੂੰ ਮਿਲਿਆ ‘ਈ-ਵੀਜ਼ਾ’

ਪੁਪਿੰਦਰ ਨੇ ਅੱਗੇ ਦੱਸਿਆ ਕਿ ਜਦੋਂ ਮੇਰਾ ਭਰਾ ਕਾਬੁਲ ਪਹੁੰਚਿਆ, ਉਦੋਂ ਤੱਕ ਤਾਲਿਬਾਨੀ ਉੱਥੇ ਪਹੁੰਚ ਚੁੱਕੇ ਸਨ। ਗੁਰਦੁਆਰੇ ’ਚ ਕਈ ਧਮਾਕੇ ਹੋਏ ਸਨ। ਮੇਰੇ ਭਰਾ ਨੇ ਸਵਿੰਦਰ ਦੀ ਲਾਸ਼ ਵੇਖੀ ਅਤੇ ਮੈਨੂੰ ਫੋਨ ਕਰ ਕੇ ਦੱਸਿਆ ਕਿ ‘ਉਹ ਸ਼ਹੀਦ ਹੋ ਗਏ ਹਨ’’। ਸਾਡੇ ਕੋਲ ਉਨ੍ਹਾਂ ਦੀ ਲਾਸ਼ ਦੀਆਂ ਤਸਵੀਰਾਂ ਅਤੇ ਵੀਡੀਓਜ਼ ਹਨ। ਉਨ੍ਹਾਂ ਦੀ ਛਾਤੀ ’ਤੇ ਦੋ ਥਾਂ ਗੋਲੀ ਲੱਗਣ ਦੇ ਨਿਸ਼ਾਨ ਹਨ। ਉਨ੍ਹਾਂ ਨੂੰ ਕਈ ਗੋਲੀਆਂ ਮਾਰੀਆਂ ਗਈਆਂ, ਮੇਰੇ ਭਰਾ ਨੇ ਦੱਸਿਆ ਕਿ ਉਹ ਗੁਸਲਖ਼ਾਨੇ ’ਚ ਨਹਾ ਰਹੇ ਸਨ, ਜਦੋਂ ਉਨ੍ਹਾਂ ’ਤੇ ਗੋਲੀਆਂ ਚਲਾਈਆਂ ਗਈਆਂ। ਦਰਵਾਜ਼ਾ ਟੁੱਟਿਆ ਹੋਇਆ ਸੀ। 

PunjabKesari

ਇਹ ਵੀ ਪੜ੍ਹੋ:  ਅਗਨੀਪਥ ਯੋਜਨਾ ਦੇ ਵਿਰੋਧ ’ਚ ਅੱਜ ਭਾਰਤ ਬੰਦ; 491 ਰੇਲ ਸੇਵਾਵਾਂ ਪ੍ਰਭਾਵਿਤ

ਪੁਪਿੰਦਰ ਮੁਤਾਬਕ ਅਜਿਹਾ ਕਹਿਰ ਉਨ੍ਹਾਂ ਦੇ ਪਰਿਵਾਰ ’ਤੇ ਦੂਜੀ ਵਾਰ ਢਾਹਿਆ ਗਿਆ ਹੈ। 2018 ’ਚ ਜਲਾਲਾਬਾਦ ’ਚ ਹੋਏ ਆਤਮਘਾਤੀ ਹਮਲੇ ’ਚ ਉਨ੍ਹਾਂ ਦੇ ਮਾਮਾ ਮਾਰੇ ਗਏ ਸਨ। ਉਹ 2010 ’ਚ ਦਿੱਲੀ ਗਏ ਸਨ। ਅਗਸਤ 2021 ’ਚ  ਤਾਲਿਬਾਨ ਦੇ ਅਫ਼ਗਾਨਿਸਤਾਨ ਨੂੰ ਆਪਣੇ ਕੰਟਰੋਲ ’ਚ ਲੈਣ ਮਗਰੋਂ ਉਨ੍ਹਾਂ ਦਾ ਪਰਿਵਾਰ ਚਾਹੁੰਦਾ ਸੀ ਕਿ ਸਵਿੰਦਰ ਸਿੰਘ ਵੀ ਭਾਰਤ ਆ ਜਾਵੇ ਪਰ ਵੀਜ਼ਾ ਨਾ ਮਿਲਣ ਕਾਰਨ ਉਹ ਇੱਥੇ ਨਹੀਂ ਆ ਸਕੇ। ਇਸ ਦਰਮਿਆਨ ਗੁਰਦੁਆਰਾ ਸਾਹਿਬ ’ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਅਫ਼ਗਾਨਿਸਤਾਨ ’ਚ ਰਹਿ ਰਹੇ 100 ਤੋਂ ਵੱਧ ਸਿੱਖਾਂ ਅਤੇ ਹਿੰਦੂਆਂ ਨੂੰ ਈ-ਵੀਜ਼ਾ ਦਿੱਤਾ ਹੈ। ਗ੍ਰਹਿ ਮੰਤਰਾਲਾ ਨੇ ਇਨ੍ਹਾਂ ਲੋਕਾਂ ਨੂੰ ਪਹਿਲ ਦੇ ਆਧਾਰ ’ਤੇ ਇਹ ਵੀਜ਼ਾ ਜਾਰੀ ਕੀਤਾ ਹੈ।


Tanu

Content Editor

Related News