ਭਾਰਤ-ਕੈਨੇਡਾ ਦੀ ਦੋਸਤੀ ਅਤੇ ਮੌਕਿਆਂ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ : ਟਰੂਡੋ

02/20/2018 5:28:24 PM

ਮੁੰਬਈ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੰਗਲਵਾਰ ਦੀ ਸ਼ਾਮ ਨੂੰ ਮੁੰਬਈ 'ਚ ਆਯੋਜਿਤ ਕੈਨੇਡਾ-ਇੰਡੀਆ ਬਿਜ਼ਨੈੱਸ ਫੋਰਮ 'ਚ ਹਿੱਸਾ ਲੈਣ ਗਏ। ਇਸ ਬਿਜ਼ਨੈੱਸ ਫੋਰਮ 'ਚ ਆਈ. ਸੀ. ਆਈ. ਸੀ. ਆਈ. ਬੈਂਕ ਦੀ ਸੀ. ਈ. ਓ. ਚੰਦਾ ਕੋਚਰ ਨੇ ਮੇਜ਼ਬਾਨੀ ਕੀਤੀ ਅਤੇ ਟਰੂਡੋ ਨਾਲ ਗੱਲਬਾਤ ਕੀਤੀ। ਇੱਥੇ ਆਉਣ 'ਤੇ ਟਰੂਡੋ ਦਾ ਸਵਾਗਤ ਕੀਤਾ ਗਿਆ। ਇਸ ਬਿਜ਼ਨੈੱਸ ਫੋਰਮ 'ਚ ਬੋਲਦਿਆਂ ਟਰੂਡੋ ਨੇ ਕਿਹਾ ਕਿ ਭਾਰਤੀ ਕੰਪਨੀਆਂ ਨੇ ਉਨ੍ਹਾਂ ਦੇ ਦੇਸ਼ 'ਚ ਇਕ ਅਰਬ ਡਾਲਰ ਦੇ ਨਿਵੇਸ਼ ਦੀ ਵਚਨਬੱਧਤਾ ਜਤਾਈ ਹੈ। ਇਸ ਨਾਲ 5,000 ਨੌਕਰੀਆਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਵੱਖ-ਵੱਖ ਖੇਤਰਾਂ ਵਿਚ ਭਾਰਤ ਅਤੇ ਕੈਨੇਡਾ ਦਰਮਿਆਨ ਜ਼ਬਰਦਸਤ ਸੰਬੰਧ ਹਨ। ਮੈਂ ਭਾਰਤ-ਕੈਨੇਡਾ ਦੀ ਦੋਸਤੀ ਅਤੇ ਮੌਕਿਆਂ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਸਿਰਫ ਵਪਾਰ ਹੀ ਨਹੀਂ ਸਗੋਂ ਕਿ ਸੱਭਿਆਚਾਰਕ ਅਤੇ ਵੱਖ-ਵੱਖ ਲੋਕਾਂ ਨਾਲ ਮੇਲ-ਮਿਲਾਪ ਮਹੱਤਵਪੂਰਨ ਹੈ। 


ਕੋਚਰ ਨੇ ਟਰੂਡੋ ਕੋਲੋਂ ਦੋਹਾਂ ਦੇਸ਼ਾਂ ਦਰਮਿਆਨ ਵਪਾਰਕ ਸੰਬੰਧਾਂ ਬਾਰੇ ਪੁੱਛਿਆ ਸੀ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਚੰਗਾ ਲੱਗਾ ਕਿ ਟਰੂਡੋ ਨੇ ਵਪਾਰ ਦੇ ਨਾਲ-ਨਾਲ ਦੋਹਾਂ ਦੇਸ਼ਾਂ ਦੇ ਲੋਕਾਂ ਨਾਲ ਗੱਲਬਾਤ ਨੂੰ ਵੀ ਤਵੱਜੋਂ ਦਿੱਤੀ ਹੈ। ਟਰੂਡੋ ਨੇ ਕਿਹਾ ਕਿ ਮੇਰਾ ਇਹ ਵੱਖਰਾ ਅਨੁਭਵ ਰਿਹਾ ਹੈ ਕਿ ਤਕਰੀਬਨ 35 ਸਾਲਾਂ ਦੇ ਲੰਬੇ ਸਮੇਂ ਬਾਅਦ ਮੈਂ ਭਾਰਤ ਦੀ ਯਾਤਰਾ ਕਰ ਰਿਹਾ ਹਾਂ। ਮੇਰੇ ਬੱਚਿਆਂ ਨੇ ਤਾਜ ਮਹੱਲ ਨੂੰ ਦੇਖਿਆ, ਜੋ ਕਿ ਮੇਰੇ ਲਈ ਬਹੁਤ ਦਿਲਚਸਪ ਸੀ। ਟਰੂਡੋ ਨੇ ਇਸ ਦੇ ਨਾਲ ਹੀ ਕਿਹਾ ਕਿ ਮੈਂ ਭਾਰਤ ਦੀ ਸੁੰਦਰ ਵਿਭਿੰਨਤਾ ਨੂੰ ਸਾਂਝਾ ਕਰਨਾ ਚਾਹੁੰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਚੀਜ਼ਾਂ ਨੂੰ ਮੈਂ ਅਸਲ ਵਿਚ ਆਪਣੇ ਬੱਚਿਆਂ ਨੂੰ ਦਿਖਾਉਣਾ ਚਾਹੁੰਦਾ ਸੀ, ਉਸ 'ਚ ਭਾਰਤ ਦੇ ਅਸਾਧਾਰਨ ਵਿਭਿੰਨਤਾ ਸ਼ਾਮਲ ਹੈ। ਇਕ ਮੰਦਰ 'ਚ ਭਾਰਤੀ ਪਹਿਰਾਵੇ 'ਚ ਜਾਣਾ ਸਾਡੇ ਲਈ ਬਹੁਤ ਵੱਡੀ ਗੱਲ ਸੀ। ਟਰੂਡੋ ਨੇ ਕਿਹਾ ਕਿ ਮੈਂ ਬਹੁਤ ਕਿਮਸਤ ਵਾਲਾ ਹਾਂ ਕਿ ਮੈਂ ਇਕ ਅਧਿਆਪਕ ਸੀ, ਮੇਰੇ ਲਈ ਇਹ ਜਾਣਨ ਦੀ ਇੱਛਾ ਸੀ ਕਿ ਭਾਰਤ-ਕੈਨੇਡਾ ਦੇ ਰਿਸ਼ਤਿਆਂ ਨੂੰ ਜਾਰੀ ਰੱਖਣ ਲਈ ਇੱਥੇ ਆਉਣਾ ਬਹੁਤ ਵੱਡਾ ਮੌਕਾ ਹੈ। 


ਇਸ ਫੋਰਮ 'ਚ ਹਿੱਸਾ ਲੈਣ ਤੋਂ ਬਾਅਦ ਟਰੂਡੋ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵ ਫਰਨਾਂਡੀਸ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਵਿਚਾਲੇ ਭਾਰਤ ਅਤੇ ਕੈਨੇਡਾ ਦਰਮਿਆਨ ਵਪਾਰ, ਨਿਵੇਸ਼ ਅਤੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੀ ਗੱਲਬਾਤ ਹੋਈ।