ਜੰਮੂ-ਕਸ਼ਮੀਰ: ਬੱਸ ਦੇ ਖੱਡ ''ਚ ਡਿੱਗਣ ਨਾਲ 22 ਲੋਕਾਂ ਦੀ ਮੌਤ, ਕਈ ਜ਼ਖਮੀ (ਤਸਵੀਰਾਂ)

10/21/2016 10:14:54 AM

ਜੰਮੂ-ਕਸ਼ਮੀਰ— ਇੱਥੋਂ ਦੇ ਰਿਆਸੀ ਜ਼ਿਲੇ ''ਚ ਬੱਸ ਦੇ ਖੱਡ ''ਚ ਡਿੱਗਣ ਨਾਲ 22 ਲੋਕਾਂ ਦੀ ਮੌਤ ਹੋ ਗਈ ਅਤੇ 23 ਹੋਰ ਜ਼ਖਮੀ ਹੋ ਗਏ। ਰਿਆਸੀ ਦੇ ਐੱਸ.ਐੱਸ.ਪੀ. ਤਾਹਿਰ ਸਜਾਦ ਬਟ ਨੇ ਦੱਸਿਆ ਕਿ ਬੱਸ ਪਲਟੀ ਖਾਣ ਤੋਂ ਬਾਅਦ ਡੂੰਘੀ ਖੱਡ ''ਚ ਜਾ ਡਿੱਗੀ। ਬੱਸ ''ਚ 45 ਯਾਤਰੀ ਸਵਾਰ ਸਨ, ਜੋ ਰਿਆਸੀ ਤੋਂ ਬਕਲ ਜਾ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਗੰਭੀਰ ਜ਼ਖਮੀਆਂ ਨੂੰ ਹੈਲੀਕਾਪਟਰ ਰਾਹੀਂ ਜੰਮੂ ਲਿਆਂਦਾ ਗਿਆ। ਕੁਝ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। 
ਰਿਆਸੀ ਬੱਸ ਹਾਦਸੇ ਬਾਰੇ ਰਾਜ ਦੇ ਮੰਤਰੀ ਅਜੇ ਨੰਦਾ ਨੇ ਕਿਹਾ ਕਿ ਇਸ ਘਟਨਾ ''ਚ 22 ਲੋਕਾਂ ਦੀ ਮੌਤ ਹੋ ਚੁਕੀ ਹੈ। ਘਟਨਾ ''ਚ ਜ਼ਖਮੀ ਹੋਏ ਲੋਕਾਂ ਦਾ ਤੁਰੰਤ ਇਲਾਜ ਕਰਵਾਇਆ ਜਾ ਰਿਹਾ ਹੈ। ਐੱਸ.ਐੱਸ.ਪੀ. ਤਾਹਿਰ ਸਜਾਦ ਭੱਟ ਨੇ ਦੱਸਿਆ ਕਿ ਜੋ ਲੋਕ ਫਸੇ ਹੋਏ ਸਨ, ਉਨ੍ਹਾਂ ਨੂੰ ਏਅਰਲਿਫਟ ਕਰਵਾ ਕੇ ਇਲਾਜ ਲਈ ਗਵਰਨਮੈਂਟ ਮੈਡੀਕਲ ਕਾਲਜ ਐਂਡ ਹਸਪਤਾਲ ''ਚ ਭਰਤੀ ਕਰਵਾਇਆ ਗਿਆ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਬੱਸ ਯਾਤਰੀਆਂ ਨੂੰ ਲੈ ਕੇ ਬਕਲ ਜਾ ਰਹੀ ਸੀ।
ਦੂਜੇ ਪਾਸੇ ਰਿਆਸੀ ਬੱਸ ਹਾਦਸੇ ''ਤੇ ਪ੍ਰਧਾਨ ਮੰਤਰੀ ਦਫ਼ਤਰ ''ਚ ਮੰਤਰੀ (ਪੀ.ਐੱਮ.ਓ.) ਜਿਤੇਂਦਰ ਸਿੰਘ ਨੇ ਉੱਥੋਂ ਦੇ ਕਲੈਕਟਰ ਨੂੰ ਵਿੱਤੀ ਸਮੇਤ ਸਾਰੇ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਐਂਬੂਲੈਂਸ ਸਮੇਂ ''ਤੇ ਪੁੱਜ ਗਈ ਸੀ ਅਤੇ ਜ਼ਖਮੀਆਂ ਨੂੰ ਇਲਾਜ ਲਈ ਉੱਥੋਂ ਦੇ ਵੱਖ-ਵੱਖ ਹਸਪਤਾਲਾਂ ''ਚ ਦਾਖਲ ਕਰਵਾ ਦਿੱਤਾ ਗਿਆ। ਉੱਥੇ ਹੀ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਹਾਦਸੇ ''ਚ ਲੋਕਾਂ ਦੀ ਮੌਤ ''ਤੇ ਦੁਖ ਜ਼ਾਹਰ ਕੀਤਾ। ਉਨ੍ਹਾਂ ਨੇ ਜ਼ਖਮੀ ਲੋਕਾਂ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਉਣ ਦੇ ਸੰਬੰਧ ''ਚ ਨਿਰਦੇਸ਼ ਦਿੱਤੇ ਹਨ। ਰਿਆਸੀ ਦੇ ਡਿਪਟੀ ਕਮਿਸ਼ਨਰ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 10-10 ਹਜ਼ਾਰ ਰੁਪਏ ਦੀ ਤੁਰੰਤ ਰਾਹਤ ਰਾਸ਼ੀ ਜਾਰੀ ਕੀਤੀ ਹੈ। ਜ਼ਖਮੀਆਂ ਲਈ 5-5 ਹਜ਼ਾਰ ਰੁਪਏ ਜਾਰੀ ਕੀਤੇ ਗਏ ਹਨ।

Disha

This news is News Editor Disha