ਝਾਰਖੰਡ 'ਚ ਅੱਜ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ ਹੇਮੰਤ ਸੋਰੇਨ

12/29/2019 8:45:01 AM

ਰਾਂਚੀ—ਝਾਰਖੰਡ ਵਿਧਾਨ ਸਭਾ ਚੋਣਾਂ 'ਚ ਜੇ.ਐੱਮ.ਐੱਮ, ਕਾਂਗਰਸ ਅਤੇ ਆਰ.ਜੇ.ਡੀ ਦੇ ਮਹਾਗਠਜੋੜ ਤੋਂ ਬਾਅਦ ਅੱਜ ਨਵੀਂ ਸਰਕਾਰ ਦਾ ਰਾਂਚੀ 'ਚ ਸਹੁੰ ਚੁੱਕ ਸਮਾਗਮ ਸ਼ਾਨਦਾਰ ਤਰੀਕੇ ਨਾਲ ਮਨਾਉਣ ਦੀ ਤਿਆਰੀ ਹੈ। ਜੇ.ਐੱਮ.ਐੱਮ ਦੇ ਕਾਰਜਕਾਰੀ ਪ੍ਰਧਾਨ ਹੇਮੰਤ ਸੋਰੇਨ ਅੱਜ ਭਾਵ ਐਤਵਾਰ (29 ਦਸੰਬਰ) ਨੂੰ ਮੋਰਹਾਬਾਦੀ ਮੈਦਾਨ 'ਚ ਦੁਪਹਿਰ 2 ਵਜੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਉਹ ਸੂਬੇ ਦੇ 11ਵੇਂ ਮੁੱਖ ਮੰਤਰੀ ਹੋਣਗੇ।

ਦੱਸ ਦੇਈਏ ਕਿ ਸਹੁੰ ਚੁੱਕ ਸਮਾਰੋਹ 'ਚ ਸ਼ਾਮਲ ਹੋਣ ਲਈ ਦੇਸ਼ ਦੇ ਕਈ ਕੱਦਾਵਰ ਨੇਤਾ ਸਮੇਤ ਕਈ ਹੋਰ ਮਹਾਨ ਹਸਤੀਆਂ ਨੂੰ ਸੱਦਾ ਦਿੱਤਾ ਗਿਆ ਹੈ। ਸਹੁੰ ਚੁੱਕ ਸਮਾਰੋਹ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸ਼ਨੀਵਾਰ ਸ਼ਾਮ ਸੱਤ ਵਜੇ ਹੀ ਰਾਂਚੀ ਪਹੁੰਚ ਗਈ। ਰਾਂਚੀ 'ਚ ਮਮਤਾ ਅਤੇ ਹੇਮੰਤ ਸੋਰੇਨ ਦੀ ਮੁਲਾਕਾਤ ਵੀ ਹੋਈ, ਜਿਸ 'ਚ ਹੇਮੰਤ ਨੇ ਪੈਰ ਛੂਹ ਕੇ ਮਮਤਾ ਬੈਨਰਜੀ ਦਾ ਅਸ਼ੀਰਵਾਦ ਲਿਆ ਅਤੇ ਮਮਤਾ ਨੇ ਹੇਮੰਤ ਸੋਰੇਨ ਨੂੰ ਇੱਕ ਸ਼ਾਲ ਵੀ ਭੇਟ ਕੀਤੀ।

ਸਹੁੰ ਚੁੱਕ ਸਮਾਰੋਹ 'ਚ ਰਾਹੁਲ ਗਾਂਧੀ, ਪ੍ਰਿਯੰਕ ਗਾਂਧੀ, ਅਖਿਲੇਸ਼ ਯਾਦਵ, ਸ਼ਰਦ ਪਵਾਰ, ਮਮਤਾ ਬੈਨਰਜੀ, ਅਸ਼ੋਕ ਗਹਿਲੋਤ, ਭੁਪੇਸ਼ ਬਘੇਲ, ਊਧਵ ਠਾਕਰੇ, ਐੱਮ. ਕੇ. ਸਟਾਲਿਨ, ਹਰਿਵੰਸ਼, ਕਨ੍ਹਈਆ ਕੁਮਾਰ, ਕੇ.ਸੀ. ਵੇਣੂਗੋਪਾਲ, ਆਰ.ਪੀ.ਐੱਨ ਸਿੰਘ ਉਮੰਗ ਸਿੰਘਾਪ, ਟੀ.ਆਰ ਬਾਲੂ, ਕਨੀਮੋਝੀ, ਅਬਦੁਲ ਬਾਰੀ ਸਿਦੀਕੀ, ਹਰੀਸ਼ ਰਾਵਤ, ਨਿਰੰਜਨ ਪਟਨਾਇਕ, ਸ਼ਿਵਨੰਦ ਤਿਵਾਰੀ, ਅਜੈ ਸ਼ਰਮਾ, ਤਾਰਿਕ ਅਨਵਰ, ਰਾਮ ਗੋਪਾਲ ਅਗਰਵਾਲ, ਵਿਜੈ ਭਾਟੀਆ ਸਮੇਤ ਕਈ ਹੋਰ ਨੇਤਾ ਸ਼ਾਮਲ ਹੋਣਗੇ।

ਜ਼ਿਕਰਯੋਗ ਹੈ ਕਿ ਝਾਰਖੰਡ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਜਿੱਥੇ ਸਿਰਫ 25 ਸੀਟਾਂ ਹੀ ਮਿਲੀਆਂ ਉੱਥੇ ਦੂਜੇ ਪਾਸੇ ਗਠਜੋੜ ਨੂੰ ਕੁੱਲ 47 ਸੀਟਾਂ ਮਿਲੀਆਂ ਹਨ, ਜਿਨ੍ਹਾਂ 'ਚ ਝਾਰਖੰਡ ਮੁਕਤੀ ਮੋਰਚਾ ਨੂੰ 30, ਕਾਂਗਰਸ 16 ਅਤੇ ਆਰ.ਜੇ.ਡੀ ਨੂੰ 1 ਸੀਟਾਂ ਮਿਲੀਆ।


Iqbalkaur

Content Editor

Related News