ਜੀਸ਼ਾ ਕਤਲ ਕੇਸ: ਦੋਸ਼ੀ ਨੂੰ ਮਿਲੀ ਮੌਤ ਦੀ ਸਜ਼ਾ

12/14/2017 3:30:09 PM

ਕੋਚੀ— ਕੇਰਲ 'ਚ ਪਿਛਲੇ ਸਾਲ ਕਾਨੂੰਨ ਦੀ 30 ਸਾਲਾ ਜੀਸ਼ਾ ਦਲਿਤ ਵਿਦਿਆਰਥਣ ਨਾਲ ਬਲਾਤਕਾਰ ਅਤੇ ਕਤਲ ਦੇ ਸਨਸਨੀਖੇਜ ਮਾਮਲੇ 'ਚ ਦੋਸ਼ੀ ਪਾਏ ਗਏ ਅਮੀਰੂਲ ਇਸਲਾਮ ਨੂੰ ਇੱਥੋਂ ਦੀ ਅਦਾਲਤ ਨੇ ਅੱਜ ਮੌਤ ਦੀ ਸਜ਼ਾ ਸੁਣਾਈ ਹੈ। ਪ੍ਰਧਾਨ ਸੈਸ਼ਨ ਅਦਾਲਤ ਦੇ ਜਸਟਿਸ ਐਨ.ਅਨਿਲ ਕੁਮਾਰ ਨੇ ਅਸਾਮ ਤੋਂ ਇੱਥੇ ਆਏ ਪ੍ਰਵਾਸੀ ਮਜ਼ਦੂਰ ਇਸਲਾਮ ਨੂੰ ਨਜ਼ਦੀਕੀ ਦੇ ਹੀ ਪੇਰੂਮਬਾਵੂਰ 'ਚ ਕਾਨੂੰਨ ਦੀ ਵਿਦਿਆਰਥਣ ਦੇ ਕਤਲ ਕਰਨ ਦੇ ਮਾਮਲੇ 'ਚ ਮੌਤ ਦੀ ਸਜ਼ਾ ਸੁਣਾਈ। ਇਸਲਾਮ ਨੂੰ ਭਾਰਤੀ ਦੰਡ ਜਾਬਤਾ ਦੀ ਧਾਰਾ 376 ਤਹਿਤ ਦੋਸ਼ੀ ਪਾਇਆ ਗਿਆ, ਜਿਸ ਦੇ ਬਾਅਦ ਉਸ ਨੂੰ ਬਲਾਤਕਾਰ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ।
ਅਦਾਲਤ ਨੇ ਮਾਮਲੇ 'ਚ ਸਜ਼ਾ ਸੁਣਾਉਣ ਨੂੰ ਲੈ ਕੇ ਕੱਲ ਰਿਸ਼ਤੇਦਾਰਾਂ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣੀਆਂ। ਬਚਾਅ ਪੱਖ ਦੇ ਵਕੀਲ ਨੇ ਮਾਮਲੇ 'ਚ ਨਿਰਪੱਖ ਜਾਂਚ ਦੀ ਮੰਗ ਕਰਦੇ ਹੋਏ ਬੇਨਤੀ ਪੱਤਰ ਦਾਖ਼ਲ ਕੀਤਾ ਸੀ। ਉਨ੍ਹਾਂ ਦੀ ਦਲੀਲ ਸੀ ਕਿ ਰਿਸ਼ਤੇਦਾਰ ਸਿਰਫ ਆਪਣੀ ਮਾਤਰ ਭਾਸ਼ਾ ਅਸਾਮੀ ਸਮਝਦਾ ਹੈ ਅਤੇ ਕੇਰਲ ਪੁਲਸ ਨੇ ਉਸ ਦੇ ਨਾਲ ਨਿਰਪੱਖ ਵਿਵਹਾਰ ਨਹੀਂ ਕੀਤਾ। ਅਦਾਲਤ ਨੇ ਬਚਾਅ ਪੱਖ ਦੇ ਵਕੀਲ ਵੱਲੋਂ ਦਾਖ਼ਲ ਬੇਨਤੀ ਪੱਤਰ ਨੂੰ ਇਹ ਕਹਿੰਦੇ ਹੋਏ ਖਾਰਜ਼ ਕਰ ਦਿੱਤਾ ਕਿ ਇਹ ਬੇਨਤੀ ਪੱਤਰ ਕਾਨੂੰਨ ਮੁਤਾਬਕ ਨਹੀਂ ਹੈ। 
ਇਸਲਾਮ 'ਤੇ 28 ਅਪ੍ਰੈਲ 2016 ਨੂੰ ਪੇਰੂਮਬਾਵੂਰ 'ਚ ਲੜਕੀ ਨਾਲ ਬਲਾਤਕਾਰ ਅਤੇ ਕਤਲ ਦੇ ਮਾਮਲੇ 'ਚ ਦੋਸ਼ ਲਗਾਇਆ ਗਿਆ ਸੀ। ਅਪ੍ਰੈਲ ਤੋਂ ਸ਼ੁਰੂ ਹੋਏ ਮੁਕੱਦਮੇ ਦੌਰਾਨ 100 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ। ਗਰੀਬ ਪਰਿਵਾਰ ਨਾਲ ਸੰਬੰਧ ਰੱਖਣ ਵਾਲੀ ਲੜਕੀ ਦਾ ਉਸ ਦੇ ਘਰ 'ਤੇ ਕਤਲ ਕੀਤਾ ਗਿਆ ਸੀ। ਘਟਨਾ ਦੇ ਤੁਰੰਤ ਬਾਅਦ ਪੇਰੂਮਬਾਵੂਰ ਛੱਡਣ ਵਾਲੇ ਇਸਲਾਮ ਨੂੰ ਇਸ ਸਨਸਨੀਖੇਜ ਘਟਨਾ ਦੇ 50 ਦਿਨ ਬਾਅਦ ਗੁਆਂਢੀ ਤਾਮਿਲਨਾਡੂ ਰਾਜ ਦੇ ਕਾਂਚੀਪੁਰਮ ਤੋਂ ਗ੍ਰਿਫਤਾਰ ਕੀਤਾ ਗਿਆ। ਇਸ ਮਾਮਲੇ 'ਚ 100 ਤੋਂ ਜ਼ਿਆਦਾ ਪੁਲਸ ਕਰਮਚਾਰੀਆਂ ਨੇ 1,500 ਤੋਂ ਜ਼ਿਆਦਾ ਲੋਕਾਂ ਤੋਂ ਪੁੱਛਗਿਛ ਕੀਤੀ।