ਝਾਰਖੰਡ ''ਚ ਮੁਸਲਿਮ ਨੌਜਵਾਨ ਦੇ ਕਤਲ ਦੀ ਅਮਰੀਕੀ ਸੰਸਥਾ ਨੇ ਕੀਤੀ ਨਿੰਦਾ

06/27/2019 11:04:00 AM

ਵਾਸ਼ਿੰਗਟਨ— ਅਮਰੀਕੀ ਕੌਮਾਂਤਰੀ ਧਾਰਮਿਕ ਸੁਤੰਤਰਤਾ ਵਿਭਾਗ ਨੇ ਝਾਰਖੰਡ 'ਚ ਮੁਸਲਿਮ ਨੌਜਵਾਨ ਦੀ ਭੀੜ ਵਲੋਂ ਕੀਤੀ ਗਈ ਹੱਤਿਆ ਦੀ ਸਖਤੀ ਨਾਲ ਨਿੰਦਾ ਕੀਤੀ ਅਤੇ ਸਰਕਾਰ ਨੂੰ ਇਸ ਤਰ੍ਹਾਂ ਦੀ ਹਿੰਸਾ ਅਤੇ ਡਰ ਦਾ ਮਾਹੌਲ ਰੋਕਣ ਲਈ ਠੋਸ ਕਾਰਵਾਈ ਕਰਨ ਦੀ ਅਪੀਲ ਕੀਤੀ। ਝਾਰਖੰਡ ਦੇ ਸਰਾਏਕੇਲਾ ਖਰਸਵਾਨ ਜ਼ਿਲੇ ਦੇ ਧਾਤਕੀਡੀਹ ਪਿੰਡ 'ਚ ਪਿਛਲੇ ਬੁੱਧਵਾਰ ਨੂੰ 24 ਸਾਲਾ ਤਬਰੇਜ ਅੰਸਾਰੀ ਨੂੰ ਭੀੜ ਨੇ ਚੋਰੀ ਦੇ ਸ਼ੱਕ 'ਚ ਖੰਭੇ ਨਾਲ ਬੰਨ੍ਹ ਕੇ ਬਹੁਤ ਕੁੱਟਿਆ।

ਉਸ ਨੂੰ 'ਜੈ ਸ਼੍ਰੀ ਰਾਮ' ਅਤੇ 'ਜੈ ਹਨੂੰਮਾਨ' ਦੇ ਨਾਅਰੇ ਲਗਾਉਣ ਲਈ ਮਜ਼ਬੂਰ ਕਰ ਦਿੱਤਾ ਸੀ। ਸ਼ਨੀਵਾਰ ਨੂੰ ਉਸ ਦੀ ਮੌਤ ਹੋ ਗਈ ਸੀ। ਇਸ ਦੇ ਪ੍ਰਧਾਨ ਟੋਨੀ ਪਰਕਿਨਸ ਨੇ ਕਿਹਾ,''ਅਸੀਂ ਇਸ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦੇ ਹਾਂ, ਜਿਸ 'ਚ ਅਪਰਾਧੀਆਂ ਨੇ ਕਥਿਤ ਤੌਰ 'ਤੇ ਅੰਸਾਰੀ ਦੀ ਘੰਟਿਆਂ ਤਕ ਕੁੱਟ-ਮਾਰ ਕਰਦੇ ਹੋਏ ਉਸ ਨੂੰ ਹਿੰਦੂਵਾਦੀ ਨਾਅਰੇ ਲਗਾਉਣ ਲਈ ਮਜਬੂਰ ਕੀਤਾ।''
ਟੋਨੀ ਨੇ ਕਿਹਾ,'ਅਸੀਂ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਅੰਸਾਰੀ ਦੇ ਕਤਲ ਦੀ ਪੂਰੀ ਜਾਂਚ ਲਈ ਇਸ ਮਾਮਲੇ ਨੂੰ ਦੇਖ ਰਹੀ ਸਥਾਨਕ ਪੁਲਸ ਦੀ ਭੂਮਿਕਾ ਦੀ ਵੀ ਜਾਂਚ ਕਰ ਕੇ ਠੋਸ ਕਦਮ ਚੁੱਕੇ, ਜਿਸ ਕਾਰਨ ਇਸ ਤਰ੍ਹਾਂ ਦੀ ਹਿੰਸਾ ਅਤੇ ਡਰ ਦੇ ਮਾਹੌਲ ਨੂੰ ਰੋਕਿਆ ਜਾ ਸਕੇ।... ਜਵਾਬਦੇਹੀ ਦੀ ਕਮੀ ਸਿਰਫ ਉਨ੍ਹਾਂ ਲੋਕਾਂ ਨੂੰ ਉਤਸ਼ਾਹਿਤ ਕਰੇਗੀ ਜੋ ਇਹ ਮੰਨਦੇ ਹਨ ਕਿ ਉਹ ਧਾਰਮਿਕ ਘੱਟ ਗਿਣਤੀਆਂ ਨੂੰ ਸਜ਼ਾ ਦੇਣ ਲਈ ਉਨ੍ਹਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ।''