ਕੇਜਰੀਵਾਲ ਦੀ ਸਫਾਈ, ਜੇਠਮਲਾਨੀ ਦਾ ਇਤਰਾਜ਼ਯੋਗ ਭਾਸ਼ਾ ਨਾਲ ਕੋਈ ਲੈਣਾ-ਦੇਣਾ ਨਹੀਂ

07/25/2017 11:00:05 AM

ਨਵੀਂ ਦਿੱਲੀ— ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਕੀਤੇ ਗਏ 10 ਕਰੋੜ ਮਾਣਹਾਨੀ ਦੇ ਮਾਮਲੇ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਬਿਆਨ ਸਾਹਮਣੇ ਆਇਆ ਹੈ। ਸੋਮਵਾਰ ਨੂੰ ਕੇਜਰੀਵਾਲ ਵੱਲੋਂ ਹਾਈ ਕੋਰਟ ਨੂੰ ਦੱਸਿਆ ਗਿਆ ਕਿ ਉਨ੍ਹਾਂ ਨੇ ਆਪਣੇ ਵਕੀਲ ਰਾਮ ਜੇਠਮਲਾਨੀ ਨੂੰ ਸੁਣਵਾਈ ਦੌਰਾਨ ਜੇਤਲੀ ਦੇ ਖਿਲਾਫ ਇਤਰਾਜ਼ਯੋਗ ਸ਼ਬਦ ਦੀ ਵਰਤੋਂ ਦਾ ਨਿਰਦੇਸ਼ ਨਹੀਂ ਦਿੱਤਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਜੇਠਮਲਾਨੀ ਨੂੰ ਪੱਤਰ ਭੇਜ ਕੇ ਕਿਹਾ ਕਿ 17 ਮਈ ਨੂੰ ਜੇਤਲੀ ਦੇ ਖਿਲਾਫ ਇਸਤੇਮਾਲ ਕੀਤੀ ਗਈ ਭਾਸ਼ਾ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਹਾਲਾਂਕਿ ਜੇਠਮਲਾਨੀ ਨੇ ਅਦਾਲਤ 'ਚ ਕਿਹਾ ਸੀ ਕਿ ਮੁਵਕਿਲ ਕੇਜਰੀਵਾਲ ਦੇ ਕਹਿਣ 'ਤੇ ਹੀ ਉਨ੍ਹਾਂ ਨੇ ਜੇਤਲੀ ਦੇ ਖਿਲਾਫ ਅਜਿਹੇ ਸ਼ਬਦ ਦੀ ਵਰਤੋਂ ਕੀਤੀ ਸੀ।
ਇਸ ਦੇ ਨਾਲ ਹੀ ਕੇਜਰੀਵਾਲ ਨੇ ਜੇਤਲੀ ਵੱਲੋਂ ਲਾਏ ਗਏ ਉਨ੍ਹਾਂ ਦੋਸ਼ਾਂ ਤੋਂ ਵੀ ਇਨਕਾਰ ਕੀਤਾ, ਜਿਸ 'ਚ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਅਪਮਾਨਤ ਕਰਨ ਦੇ ਮਕਸਦ ਨਾਲ ਜਾਣਬੁੱਝ ਕੇ ਇਤਰਾਜ਼ਯੋਗ ਸ਼ਬਦ ਦੀ ਵਰਤੋਂ ਕੀਤੀ ਗਈ ਸੀ। ਮਾਮਲੇ 'ਚ ਜੇਤਲੀ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਕੇਜਰੀਵਾਲ ਦੇ ਨਿਰਦੇਸ਼ 'ਤੇ ਦਿੱਲੀ ਐਂਡ ਜ਼ਿਲਾ ਕ੍ਰਿਕਟ ਐਸੋਸੀਏਸ਼ਨ (ਡੀ.ਡੀ.ਸੀ.ਏ.) ਨਾਲ ਜੁੜੇ ਮਾਣਹਾਨੀ ਮਾਮਲੇ 'ਚ ਉਨ੍ਹਾਂ ਦਾ ਨਾਂ ਗਲਤ ਤਰੀਕੇ ਨਾਲ ਲਿਆ। ਇਤਰਾਜ਼ਯੋਗ ਸ਼ਬਦ ਕਾਰਨ ਉਨ੍ਹਾਂ ਨੇ ਕੇਜਰੀਵਾਲ 'ਤੇ 10 ਕਰੋੜ ਦੀ ਮਾਣਹਾਨੀ ਦਾ ਇਕ ਹੋਰ ਮੁਕੱਦਮਾ ਦਾਖਲ ਕੀਤਾ ਸੀ। ਇਸ ਮਾਮਲੇ ਦੀ ਅਗਲੀ ਸੁਣਵਾਈ 26 ਜੁਲਾਈ ਨੂੰ ਹੋਵੇਗੀ।