ਧਾਹਾਂ ਮਾਰ ਰੋਏ ਅਸਮਾਨੀ ਉਡਾਰੀਆਂ ਮਾਰਨ ਵਾਲੇ,ਪਏ ਰੋਜ਼ੀ-ਰੋਟੀ ਦੇ ਲਾਲੇ

04/19/2019 12:51:18 PM

ਮੁੰਬਈ — ਚਾਰ ਮਹੀਨੇ ਤੱਕ ਭਾਰੀ ਸੰਕਟ ਦਾ ਸਾਹਮਣਾ ਕਰਦੀ ਹੋਈ ਜੈੱਟ ਏਅਰਵੇਜ਼ ਦੀਆਂ ਉਡਾਣਾਂ ਆਖਿਰ  ਬੁੱਧਵਾਰ ਤੋਂ ਬੰਦ ਹੋ ਗਈਆਂ। ਜੈੱਟ ਏਅਰਵੇਜ਼ ਦੇ ਬੰਦ ਹੋਣ ਕਾਰਨ ਕਰੀਬ 22 ਹਜ਼ਾਰ ਲੋਕਾਂ ਬੇਰੋਜ਼ਗਾਰ ਹੋ ਗਏ ਅਤੇ ਇਨ੍ਹਾਂ ਕੁਝ ਹਜ਼ਾਰਾਂ ਦੇ ਨਾਲ ਉਨ੍ਹਾਂ ਦੇ ਪਰਿਵਾਰ ਵਾਲਿਆਂ ਸਮੇਤ ਲੱਖਾਂ ਲੋਕਾਂ ਦਾ ਭਵਿੱਖ ਡਾਵਾਡੋਲ ਹੋ ਗਿਆ। ਸਕਿੱਲਡ ਤੋਂ ਲੈ ਕੇ ਸੈਮੀ-ਸਕਿੱਲਡ ਤੱਕ ਅੱਜ ਹਜ਼ਾਰਾਂ ਕਰਮਚਾਰੀ ਪਰੇਸ਼ਾਨ ਹਨ। ਕਰਮਚਾਰੀਆਂ ਸਾਹਮਣੇ ਆਪਣੇ ਰੋਜ਼ੀ-ਰੋਟੀ ਦੀ ਸਮੱਸਿਆ ਖੜ੍ਹੀ ਹੋ ਗਈ ਹੈ। ਜੈੱਟ ਏਅਰਵੇਜ਼ ਦੇ ਬੰਦ ਹੋਣ ਕਾਰਨ ਪ੍ਰਭਾਵਿਤ ਹੋਏ ਕਰਮਚਾਰੀ ਦਿੱਲੀ ਦੇ ਜੰਤਰ-ਮੰਤਰ 'ਤੇ ਇਕੱਠੇ ਹੋਏ, ਜਿਥੇ ਉਨ੍ਹਾਂ ਨੇ 'ਜੈੱਟ ਬਚਾਓ , ਪਰਿਵਾਰ ਬਚਾਓ' ਦੇ ਨਾਅਰੇ ਲਗਾਏ। 

ਕਰਮਚਾਰੀਆਂ ਦਾ ਹੋਇਆ ਬੁਰਾ ਹਾਲ

ਕਰਮਚਾਰੀਆਂ ਨੂੰ ਪਹਿਲਾਂ ਹੀ 3-4 ਮਹੀਨਿਆਂ ਤੋਂ ਤਨਖਾਹ ਨਹੀਂ ਮਿਲ ਰਹੀ ਸੀ। ਹੁਣ ਨੌਕਰੀ ਵੀ ਚਲੇ ਜਾਣ ਕਰਕੇ 22 ਹਜ਼ਾਰ ਕਰਮਚਾਰੀਆਂ ਦਾ ਦਿਨ-ਰਾਤ ਦਾ ਚੈਨ ਵੀ ਚਲਾ ਗਿਆ ਹੈ। ਹੁਣ ਇਹ ਜੈੱਟ ਦੇ ਕਰਮਚਾਰੀਆਂ ਦੀ ਆਖਰੀ ਉਮੀਦ ਦੇਸ਼ ਦੀ ਸਰਕਾਰ ਤੋਂ ਹੈ। ਕਰਮਚਾਰੀਆਂ ਨੇ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਉਹ ਕੋਈ ਮਹੱਤਵਪੂਰਣ ਕਦਮ ਚੁੱਕੇ।

ਜੈੱਟ ਦੇ 53 ਸਾਲ ਦੇ ਕਰਮਚਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ 2 ਮਹੀਨਿਆਂ ਦੀ ਸੈਲਰੀ ਨਹੀਂ ਮਿਲੀ ਅਤੇ ਹੁਣ ਉਨ੍ਹਾਂ ਨੂੰ ਆਪਣੇ ਪਰਿਵਾਰ ਦਾ ਪਾਲਣ-ਪੌਸ਼ਣ ਕਰਨ ਲਈ ਆਪਣਾ ਘਰ ਤੱਕ ਵੇਚਣਾ ਪੈ ਸਕਦਾ ਹੈ। 

ਇਕ ਹੋਰ ਮਹਿਲਾ ਕਰਮਚਾਰੀ ਨੇ ਕਿਹਾ ਕਿ ਨੌਕਰੀ ਚਲੇ ਜਾਣ ਕਰਕੇ ਉਹ ਪੂਰੀ ਰਾਤ ਨੀਂਦ ਨਹੀਂ ਆਈ। ਉਸਨੇ ਕਿਹਾ ਕਿ ਉਸ ਦੇ ਹੱਥ ਬੱਝੇ ਹਨ ਅਤੇ ਉਹ ਆਪਣੀ ਪਰੇਸ਼ਾਨੀ ਆਪਣੇ ਬੱਚਿਆਂ ਤੱਕ ਨੂੰ ਦੱਸ ਨਹੀਂ ਪਾ ਰਹੀ।

ਜੈੱਟ ਦੇ ਇਕ ਇੰਜੀਨੀਅਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਦੀ ਟਿਊਸ਼ਨ ਵੀ ਬੰਦ ਕਰ ਦਿੱਤੀ ਹੈ। ਹੁਣ ਉਹ ਆਪਣੇ ਘਰ ਹੀ ਆਪਣੇ ਬੱਚਿਆਂ ਨੂੰ ਪੜ੍ਹਾ ਰਹੇ ਹਨ। ਕਈ ਕਰਮਚਾਰੀਆਂ ਕੋਲ ਹੋਮ ਲੋਨ ਜਾਂ ਆਪਣੇ ਬੱਚਿਆਂ ਦੀ ਸਕੂਲ ਦੀ ਫੀਸ ਦੇਣ ਲਈ ਪੈਸੇ ਨਹੀਂ ਹਨ। 

ਕਰਮਚਾਰੀਆਂ ਦਾ ਰੋ-ਰੋ ਕੇ ਬੁਰਾ ਹਾਲ

ਜੈੱਟ ਦੀ ਅਸਿਸਟੈਂਟ ਬੇਸ ਮੈਨੇਜਰ ਹਰਪ੍ਰੀਤ ਕੌਰ ਪਿਛਲੇ 22 ਸਾਲ ਤੋਂ ਇਥੇ ਨੌਕਰੀ ਕਰ ਰਹੀ ਹੈ। 20 ਸਾਲ ਤੱਕ ਉਹ ਏਅਰ ਹੋਸਟੈਸ ਰਹੀ। ਪਿਛਲੇ 2 ਸਾਲ ਤੋਂ ਆਪਰੇਸ਼ੰਸ ਦੇਖ ਰਹੀ ਹੈ। ਉਹ ਕਹਿੰਦੀ ਹੈ ਕਿ ਬਜ਼ਾਰ ਦੇ ਜੋ ਹਾਲਾਤ ਹਨ ਉਨ੍ਹਾਂ ਨੂੰ ਦੇਖ ਕੇ ਲੱਗਦਾ ਹੈ ਕਿ ਉਨ੍ਹਾਂ ਨੂੰ ਹੋਰ ਨੌਕਰੀ ਮਿਲਣਾ ਆਸਾਨ ਨਹੀਂ ਹੋਵੇਗਾ। ਇੰਨਾ ਕਹਿੰਦੇ-ਕਹਿੰਦੇ ਉਹ ਜ਼ੋਰ-ਜ਼ੋਰ ਦੀ ਰੌਣ ਲੱਗ ਗਈ। ਬਜ਼ੁਰਗ ਮਾਂ-ਬਾਪ ਨੂੰ ਵੀ ਦੇਖਣਾ ਹੈ, ਬੇਟੇ ਨੇ ਦਸਵੀਂ ਦੇ ਪੇਪਰ ਦਿੱਤੇ ਹਨ। ਅਜੇ ਫੀਸ ਦੇਣੀ ਹੈ। ਇਹ ਸਭ ਕੁਝ ਕਿਸ ਤਰ੍ਹਾਂ ਹੋਵੇਗਾ। ਕਿੰਨੇ ਦਿਨਾਂ ਤੱਕ ਬਿਨਾਂ ਨੌਕਰੀ ਜਾਂ ਤਨਖਾਹ ਦੇ ਚੱਲੇਗਾ, ਕੁਝ ਸਮਝ ਨਹੀਂ ਆ ਰਿਹਾ। 

ਦੇਖਦੇ ਹੀ ਦੇਖਦੇ ਸਭ ਕੁਝ ਬਦਲ ਗਿਆ

ਰੇਣੂ ਰਾਜੌਰਾ ਪਿਛਲੇ ਪੰਜ ਸਾਲ ਤੋਂ ਜੈੱਟ 'ਚ ਏਅਰ ਹੋਸਟੈਸ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਕ ਮਹੀਨੇ ਦੀ ਤਨਖਾਹ ਨਹੀਂ ਮਿਲੀ। ਘਰ ਦਾ ਕਿਰਾਇਆ ਦੇਣਾ ਹੈ, ਭਰਾ ਕਾਲਜ ਪੜ੍ਹਦਾ ਹੈ, ਉਸਦੀ ਫੀਸ ਦਾ ਵੀ ਇੰਤਜ਼ਾਮ ਕਰਨਾ ਹੈ। ਬਜ਼ੁਰਗ ਮਾਂ-ਬਾਪ ਹਰਿਆਣੇ ਵਿਚ ਰਹਿੰਦੇ ਹਨ, ਉਨ੍ਹਾਂ ਨੂੰ ਵੀ ਖਰਚਾ ਭੇਜਣਾ ਹੈ। ਦਿੱਲੀ 'ਚ ਕਿਰਾਏ 'ਤੇ ਰਹਿ ਰਹੀ ਹੈ। ਖਾਣ-ਪੀਣ ਤੋਂ ਲੈ ਕੇ ਬਿਜਲੀ-ਪਾਣੀ ਹਰੇਕ ਦੇ ਖਰਚੇ ਹਨ। ਜੇਕਰ ਇਹ ਨੌਕਰੀ ਨਾ ਰਹੀ ਤਾਂ ਕੀ ਬਣੇਗਾ। ਕੈਰੀਅਰ ਬਣਾਉਣ ਲਈ ਕਿੰਨੀ ਮਿਹਨਤ ਕੀਤੀ ਹੁਣ ਇਸ ਤਰ੍ਹਾਂ ਲੱਗਦਾ ਹੈ ਸਭ ਬੇਕਾਰ ਹੋ ਗਿਆ।