ਕਰਨਾਟਕ ''ਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ, ਕਿੰਗਮੇਕਰ ਦੀ ਭੂਮਿਕਾ ''ਚ ਹੋਵੇਗੀ ਜਨਤਾ ਦਲ

04/26/2018 2:31:51 PM

ਕਰਨਾਟਕ — ਕਰਨਾਟਕ ਵਿਧਾਨ ਸਭਾ ਦੀਆਂ ਚੋਣਾਂ ਵਿਚ ਭਾਜਪਾ ਅਤੇ ਕਾਂਗਰਸ ਦਰਮਿਆਨ ਜ਼ੋਰਦਾਰ ਟੱਕਰ ਹੈ। ਅਜਿਹੀ ਹਾਲਤ ਵਿਚ ਜਨਤਾ ਦਲ (ਐੱਸ) ਦੇ ਮੁਖੀ ਐੱਚ. ਡੀ. ਕੁਮਾਰਸਵਾਮੀ  ਕਿੰਗਮੇਕਰ ਦੀ ਭੂਮਿਕਾ ਨਿਭਾਅ ਸਕਦੇ ਹਨ। ਲੰਗਾਇਤ ਭਾਈਚਾਰੇ ਨੂੰ ਵੱਖ ਧਰਮ ਦਾ ਦਰਜਾ ਦੇਣ ਦਾ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਦਾ ਦਾਅ ਵੋਟਾਂ ਵਿਚ ਤਬਦੀਲ ਹੁੰਦਾ ਨਜ਼ਰ ਨਹੀਂ ਆ ਰਿਹਾ। 12 ਮਈ ਨੂੰ ਹੋਣ ਵਾਲੀਆਂ ਅਸੈਂਬਲੀ ਚੋਣਾਂ ਤੋਂ ਪਹਿਲਾਂ ਟਾਈਮਜ਼ ਨਾਓ-ਵੀ. ਐੱਮ. ਆਰ. ਵਲੋਂ ਕੀਤੇ ਗਏ ਸਰਵੇਖਣ ਦੌਰਾਨ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਦਾ ਨਜ਼ਰ ਨਹੀਂ ਆ ਰਿਹਾ।
224 ਮੈਂਬਰੀ ਵਿਧਾਨ ਸਭਾ ਵਿਚ ਇਸ ਸਮੇ ਸੱਤਾ 'ਤੇ ਕਾਬਜ਼ ਕਾਂਗਰਸ ਨੂੰ 91 ਸੀਟਾਂ ਅਤੇ ਭਾਜਪਾ ਨੂੰ ਉਸ ਤੋਂ 2 ਸੀਟਾਂ ਘੱਟ ਭਾਵ 89 ਸੀਟਾਂ ਮਿਲ ਸਕਦੀਆਂ ਹਨ। ਖਾਸ ਗੱਲ ਇਹ ਹੈ ਕਿ ਜਨਤਾ ਦਲ (ਐੱਸ) ਨੂੰ 40 ਸੀਟਾਂ ਮਿਲ ਸਕਦੀਆਂ ਹਨ। ਸਰਵੇਖਣ ਮੁਤਾਬਕ ਕਾਂਗਰਸ ਨੂੰ 31 ਸੀਟਾਂ ਦਾ ਨੁਕਸਾਨ ਹੋ ਰਿਹਾ ਹੈ ਜਦ ਕਿ ਭਾਜਪਾ ਦੀਆਂ 49 ਸੀਟਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਕਾਂਗਰਸ ਦਾ ਵੋਟ ਸ਼ੇਅਰ 36.6 ਫੀਸਦੀ ਤੋਂ ਵਧ ਕੇ 38.6 ਫੀਸਦੀ ਹੋਣ ਦਾ ਅਨੁਮਾਨ ਹੈ। ਭਾਜਪਾ ਦਾ  ਮੌਜੂਦਾ ਵੋਟ ਸ਼ੇਅਰ 15 ਫੀਸਦੀ ਤੋਂ ਵਧ ਕੇ 20 ਫੀਸਦੀ ਹੋ ਜਾਣ ਦੀ ਸੰਭਾਵਨਾ ਹੈ।
ਜੇ ਅੱਜ ਵੋਟਾਂ ਪੈਂਦੀਆਂ ਹਨ ਤਾਂ ਨਾ ਸਿੱਧਰਮਈਆ ਤੇ ਨਾ ਹੀ ਯੇਦੀਯੁਰੱਪਾ ਸਰਕਾਰ ਬਣਾਉਣ ਦੀ ਹਾਲਤ ਵਿਚ ਹਨ ਕਿਉੁਂਕਿ ਦੋਵੇਂ ਹੀ 112 ਦੇ ਜਾਦੂਈ ਅੰਕੜੇ ਤੋਂ ਪਿੱਛੇ ਹਨ। ਕੇਂਦਰੀ ਕਰਨਾਟਕ ਵਿਚ ਭਾਜਪਾ ਨੂੰ ਵੱਡੀ ਸਫਲਤਾ ਮਿਲ ਸਕਦੀ ਹੈ ਅਤੇ ਉਸ ਦੀ ਝੋਲੀ ਵਿਚ 35 ਵਿਚੋਂ 22 ਸੀਟਾਂ ਆ ਸਕਦੀਆਂ ਹਨ। ਪਿਛਲੀਆਂ ਚੋਣਾਂ ਵਿਚ 19 ਸੀਟਾਂ ਜਿੱਤਣ ਵਾਲੀ ਕਾਂਗਰਸ ਨੂੰ ਇਸ ਵਾਰ 10 ਸੀਟਾਂ 'ਤੇ ਹੀ ਤਸੱਲੀ ਕਰਨੀ ਪੈ ਸਕਦੀ ਹੈ। ਜਨਤਾ ਦਲ (ਐੱਸ) ਇਥੋਂ 3 ਸੀਟਾਂ ਜਿੱਤ ਸਕਦੀ ਹੈ। ਸਮੁੰਦਰੀ ਕੰਢਿਆਂ ਵਾਲੇ ਕਰਨਾਟਕ ਵਿਚ ਪਾਰਟੀ 21 ਵਿਚੋਂ 8 ਸੀਟਾਂ ਜਿੱਤ ਸਕਦੀ ਹੈ। ਗ੍ਰੇਟਰ ਬੇਂਗਲੁਰੂ ਖੇਤਰ ਮੁੱਖ ਮੰਤਰੀ ਸਿੱਧਰਮਈਆ ਦੇ ਨਾਲ ਜਾਂਦਾ ਨਜ਼ਰ ਆ ਰਿਹਾ ਹੈ। ਇਥੇ ਕਾਂਗਰਸ ਨੂੰ 17 ਅਤੇ ਭਾਜਪਾ ਨੂੰ 13 ਸੀਟਾਂ ਮਿਲ ਸਕਦੀਆਂ ਹਨ।
ਓਲਡ ਮੈਸੂਰ ਖੇਤਰ ਵਿਚ ਜਨਤਾ ਦਲ (ਐੱਸ) ਕੁਲ 55 ਸੀਟਾਂ ਵਿਚੋਂ 25 ਸੀਟਾਂ 'ਤੇ ਜਿੱਤ ਦਰਜ ਕਰ ਸਕਦਾ ਹੈ। ਭਾਜਪਾ ਨੂੰ ਸਿਰਫ 8 ਅਤੇ ਕਾਂਗਰਸ ਨੂੰ 20 ਸੀਟਾਂ ਮਿਲ ਸਕਦੀਆਂ ਹਨ।