UP ਦੇ ਜੌਨਪੁਰ ’ਚ ਵੱਡਾ ਹਾਦਸਾ; ਮਾਲਗੱਡੀ ਦੀਆਂ 21 ਬੋਗੀਆਂ ਪਲਟੀਆਂ, ਰੇਲ ਆਵਾਜਾਈ ਠੱਪ

11/11/2021 10:39:04 AM

ਜੌਨਪੁਰ (ਵਾਰਤਾ)— ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਵਿਚ ਵੀਰਵਾਰ ਯਾਨੀ ਕਿ ਅੱਜ ਸਵੇਰੇ ਸ਼੍ਰੀਕ੍ਰਿਸ਼ਨ ਨਗਰ (ਬਦਲਾਪੁਰ) ਰੇਲਵੇ ਸਟੇਸ਼ਨ ਦੇ ਨੇੜੇ ਉਦੈਪੁਰ ਘਾਟਮਪੁਰ ਕੋਲ ਸੁਲਤਾਨਪੁਰ ਤੋਂ ਮੁਗ਼ਲਸਰਾਏ ਵੱਲ ਜਾ ਰਹੀ ਮਾਲਗੱਡੀ ਦੀਆਂ 21 ਬੋਗੀਆਂ ਪਲਟ ਗਈਆਂ। ਇਸ ਦੇ ਚੱਲਦੇ ਜੌਨਪੁਰ-ਵਾਰਾਣਸੀ ਰੇਲ ਮਾਰਗ ’ਤੇ ਰੇਲ ਆਵਾਜਾਈ ਠੱਪ ਹੋਣ ਕਾਰਨ ਇਸ ਮਾਰਗ ’ਤੇ ਚੱਲ ਰਹੀਆਂ ਰੇਲ ਗੱਡੀਆਂ ਨੂੰ ਉਸੇ ਥਾਂ ’ਤੇ ਖੜ੍ਹਾ ਕੀਤਾ ਗਿਆ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਮੁਗਲਸਰਾਏ ਤੋਂ ਕੋਲਾ ਲਿਆਉਣ ਲਈ ਸੁਲਤਾਨਪੁਰ ਤੋਂ ਸਵੇਰੇ 6.58 ਵਜੇ ਮਾਲਗੱਡੀ ਰਵਾਨਾ ਹੋਈ। 

ਇਹ ਵੀ ਪੜ੍ਹੋ : ਰਾਜਸਥਾਨ: ਬੱਸ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ਤੋਂ ਬਾਅਦ ਲੱਗੀ ਅੱਗ, ਜ਼ਿੰਦਾ ਸੜੇ 11 ਲੋਕ

ਮਾਲਗੱਡੀ ’ਚ 59 ਬੋਗੀਆਂ ਲੱਗੀਆਂ ਸਨ। ਮਾਲਗੱਡੀ ਸ਼੍ਰੀਕ੍ਰਿਸ਼ਨ ਨਗਰ (ਬਦਲਾਪੁਰ) ਰੇਲਵੇ ਕ੍ਰਾਸਿੰਗ ਨੂੰ ਪਾਰ ਕਰਨ ਤੋਂ ਬਾਅਦ ਸਵੇਰੇ 7.58 ਵਜੇ ਉਦੈਪੁਰ ਘਾਟਮਪੁਰ ਕੋਲ ਪਹੁੰਚੀ ਸੀ। ਅਚਾਨਕ ਕੁਝ ਬੋਗੀਆਂ ਪਟੜੀ ਤੋਂ ਉਤਰ ਗਈਆਂ। ਟਰੇਨ ਦੀ ਰਫ਼ਤਾਰ ਵੱਧ ਹੋਣ ਕਾਰਨ ਅੱਗੇ ਤੋਂ 16 ਅਤੇ ਪਿੱਛੋਂ 21 ਬੋਗੀਆਂ ਨੂੰ ਛੱਡ ਕੇ ਬਚੀਆਂ 21 ਬੋਗੀਆਂ ਪਲਟ ਗਈਆਂ। ਪੀ. ਡਬਲਯੂ. ਆਈ. ਜੌਨਪੁਰ ਬ੍ਰਜੇਸ਼ ਯਾਦਵ ਨੇ ਦੱਸਿਆ ਕਿ ਸੁਲਤਾਨਪੁਰ ਤੋਂ ਮੁਗ਼ਲਸਰਾਏ ਜਾ ਰਹੀ ਮਾਲਗੱਡੀ ਦੇ ਕਿਸੇ ਡੱਬੇ ਦਾ ਪਹੀਆ ਜਾਮ ਹੋਣ ਕਾਰਨ ਇਹ ਘਟਨਾ ਹੋਈ ਹੈ।

ਇਹ ਵੀ ਪੜ੍ਹੋ : ਮਾਵਾਂ ਦੀਆਂ ਕੁੱਖਾਂ ਹੋਈਆਂ ਸੁੰਨੀਆਂ, ਦੁਨੀਆ ਵੇਖਣ ਤੋਂ ਪਹਿਲਾਂ ਅੱਗ ਨੇ ਖੋਹ ਲਏ ‘ਬਾਲੜੇ ਲਾਲ’

ਰੇਲ ਅਧਿਕਾਰੀਆਂ ਮੁਤਾਬਕ ਮਾਲਗੱਡੀ ਦੇ ਚਾਲਕ ਏ. ਕੇ. ਚੌਹਾਨ ਅਤੇ ਗਾਰਡ ਸੰਜੈ ਯਾਦਵ ਠੀਕ ਹਨ। ਘਟਨਾ ਕਾਰਨ ਵਾਰਾਣਸੀ-ਸੁਲਤਾਨਪੁਰ ਰੇਲ ਮਾਰਗ ਜਾਮ ਹੋ ਗਿਆ ਹੈ। ਇਸ ਮਾਰਗ ਤੋਂ ਰਵਾਨਾ ਹੋਣ ਵਾਲੀ ਮਹਾਮਨਾ ਐਕਸਪ੍ਰੈੱਸ ਅਤੇ ਸੁਲਤਾਨਪੁਰ ਜੌਨਪੁਰ ਵਾਰਾਣਸੀ ਪੈਸੇਂਜਰ ਟਰੇਨ ਵਿਚਾਲੇ ਹੀ ਖੜ੍ਹੀ ਹੈ। ਇਸ ਦੇ ਚੱਲਦੇ ਯਾਤਰੀਆਂ ਦੀ ਪਰੇਸ਼ਾਨੀ ਵੱਧ ਗਈ ਹੈ। ਘਟਨਾ ਦੀ ਜਾਣਕਾਰੀ ਉੱਤਰ ਰੇਲਵੇ ਦੇ ਲਖਨਊ ਡਿਵੀਜ਼ਨ ਦੇ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ। ਸਥਾਨਕ ਰੇਲਵੇ ਦੇ ਅਧਿਕਾਰੀ ਘਟਨਾ ਵਾਲੀ ਥਾਂ ਵੱਲ ਰਵਾਨਾ ਹੋ ਗਏ ਹਨ।

ਇਹ ਵੀ ਪੜ੍ਹੋ : ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰਨ ਵਾਲੇ 'ਮੁਹੰਮਦ' ਨੂੰ ਮਿਲਿਆ ਪਦਮ ਸ਼੍ਰੀ, ਲੋਕ ਪਿਆਰ ਨਾਲ ਕਹਿੰਦੇ ਨੇ 'ਸ਼ਰੀਫ ਚਾਚਾ'

Tanu

This news is Content Editor Tanu