19 ਮਾਰਚ ਨੂੰ ਭਾਰਤ ਆਉਣਗੇ ਜਾਪਾਨ ਦੇ PM ਫੋਮਿਓ ਕਿਸ਼ਿਦਾ, ਇਨ੍ਹਾਂ ਮੁੱਦਿਆਂ 'ਤੇ ਕਰਨਗੇ ਵਿਚਾਰ-ਵਟਾਂਦਰਾ

03/16/2023 7:35:29 PM

ਨਵੀਂ ਦਿੱਲੀ : ਜਾਪਾਨ ਦੇ ਪ੍ਰਧਾਨ ਮੰਤਰੀ ਫੋਮਿਓ ਕਿਸ਼ਿਦਾ ਐਤਵਾਰ, 19 ਮਾਰਚ ਨੂੰ ਭਾਰਤ ਦੇ 3 ਦਿਨਾ ਦੌਰੇ 'ਤੇ ਇੱਥੇ ਪਹੁੰਚਣਗੇ ਅਤੇ ਉਹ ਭਾਰਤ ਦੇ ਨਜ਼ਦੀਕੀ ਸਹਿਯੋਗ ਨਾਲ ਗਲੋਬਲ ਸਾਊਥ ਦੇ ਦੇਸ਼ਾਂ ਅਤੇ ਇੰਡੋ-ਪੈਸੀਫਿਕ ਖੇਤਰ ਲਈ ਨਵੀਂ ਰਣਨੀਤੀ ਦਾ ਖੁਲਾਸਾ ਕਰਨਗੇ। ਜਾਪਾਨੀ ਸੂਤਰਾਂ ਮੁਤਾਬਕ 19 ਤੋਂ 21 ਮਾਰਚ ਤੱਕ ਇਸ ਦੌਰੇ ਦੌਰਾਨ ਕਿਸ਼ਿਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਭਾਰਤ-ਜਾਪਾਨ ਸਾਲਾਨਾ ਸਿਖਰ ਸੰਮੇਲਨ 'ਚ ਹਿੱਸਾ ਲੈਣਗੇ ਅਤੇ ਜਾਪਾਨ ਦੇ ਸਹਿਯੋਗ ਨਾਲ ਚੱਲ ਰਹੇ ਕਈ ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕਰਨਗੇ। ਦੌਰੇ ਦੌਰਾਨ ਉਹ ਆਜ਼ਾਦ ਅਤੇ ਖੁੱਲ੍ਹੇ ਇੰਡੋ-ਪੈਸੀਫਿਕ ਖੇਤਰ ਨੂੰ ਮਜ਼ਬੂਤ ਕਰਨ ਲਈ ਉਭਰਦੀਆਂ ਅਰਥਵਿਵਸਥਾਵਾਂ ਨਾਲ ਸਹਿਯੋਗ ਵਧਾਉਣ ਦੀਆਂ ਯੋਜਨਾਵਾਂ ਨੂੰ ਵੀ ਸਾਂਝਾ ਕਰਨਗੇ।

ਇਹ ਵੀ ਪੜ੍ਹੋ : ਝੋਨੇ ਦੀ ਪਰਾਲੀ 'ਤੇ ਅਧਾਰਿਤ ਪਹਿਲੇ ਟੋਰੇਫੈਕਸ਼ਨ ਪਲਾਂਟ ਨੂੰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਮਿਲੀ ਵਿੱਤੀ ਸਹਾਇਤਾ

ਜਾਪਾਨ ਦੇ ਪ੍ਰਧਾਨ ਮੰਤਰੀ ਸੋਮਵਾਰ ਨੂੰ ਇੰਡੀਅਨ ਕੌਂਸਲ ਆਫ਼ ਵਰਲਡ ਰਿਲੇਸ਼ਨਜ਼ ਦੁਆਰਾ ਆਯੋਜਿਤ 41ਵੀਂ ਸਪਰੂ ਹਾਊਸ ਲੈਕਚਰ ਸੀਰੀਜ਼ ਵਿੱਚ ਸ਼ਾਮਲ ਹੋਣਗੇ। ਸੂਤਰਾਂ ਦਾ ਕਹਿਣਾ ਹੈ ਕਿ ਉਹ ਗਲੋਬਲ ਸਾਊਥ ਦੀਆਂ ਵਿਕਾਸਸ਼ੀਲ ਅਤੇ ਉਭਰਦੀਆਂ ਅਰਥਵਿਵਸਥਾਵਾਂ ਨੂੰ ਵਾਧੂ ਸਹਾਇਤਾ ਪ੍ਰਦਾਨ ਕਰਨ ਅਤੇ ਕਾਨੂੰਨ ਦੇ ਰਾਜ ਦੁਆਰਾ ਸ਼ਾਸਿਤ ਅੰਤਰਰਾਸ਼ਟਰੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਆਪਣੀ ਰਣਨੀਤੀ ਦਾ ਵੀ ਖੁਲਾਸਾ ਕਰੇਗਾ। ਕਿਸ਼ਿਦਾ ਦਾ ਮੰਨਣਾ ਹੈ ਕਿ ਭਾਰਤ ਹਿੰਦ ਮਹਾਸਾਗਰ ਵਿੱਚ ਇਕ ਵੱਡੀ ਸ਼ਕਤੀ ਹੈ ਅਤੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਜੋਂ ਇਸ ਦੀ ਵਧ ਰਹੀ ਮੌਜੂਦਗੀ ਇਕ ਆਜ਼ਾਦ ਅਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਖੇਤਰ ਦੇ ਜਾਪਾਨ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਦੀ ਕੁੰਜੀ ਹੈ।

ਇਹ ਵੀ ਪੜ੍ਹੋ : ਅਜਬ-ਗਜ਼ਬ : ਚੀਨ 'ਚ ਬਿਲਡਿੰਗ ਵਿਚਾਲਿਓਂ ਲੰਘਦੀ ਹੈ ਟ੍ਰੇਨ, ਨਜ਼ਾਰਾ ਦੇਖਣ ਆਉਂਦੇ ਨੇ ਦੁਨੀਆ ਭਰ ਦੇ ਸੈਲਾਨੀ

ਸੂਤਰਾਂ ਦਾ ਕਹਿਣਾ ਹੈ ਕਿ ਉਸ ਦੀ ਯੋਜਨਾ ਵਿੱਚ ਆਸੀਆਨ ਮੈਂਬਰ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ਦੇ ਨਾਲ ਸਮੁੰਦਰੀ ਚਿਤਾਵਨੀ ਅਤੇ ਖੋਜ ਸਮਰੱਥਾ ਨੂੰ ਅਪਗ੍ਰੇਡ ਕਰਨ ਅਤੇ ਖੇਤਰ 'ਚ ਬੰਦਰਗਾਹਾਂ ਦਾ ਵਿਕਾਸ ਅਤੇ ਏਸ਼ੀਆ ਤੇ ਅਫਰੀਕਾ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਭਾਰਤ ਤੇ ਜਾਪਾਨ ਦਰਮਿਆਨ ਨਜ਼ਦੀਕੀ ਸਹਿਯੋਗ ਸ਼ਾਮਲ ਹੈ। ਇਹ ਵੀ ਸੰਭਾਵਨਾ ਹੈ ਕਿ ਉਹ ਯੂਕ੍ਰੇਨ 'ਤੇ ਰੂਸ ਦੇ ਹਮਲੇ ਅਤੇ ਚੀਨ ਦੀਆਂ ਹਮਲਾਵਰ ਸਮੁੰਦਰੀ ਚਾਲਾਂ 'ਤੇ ਵੀ ਚਿੰਤਾ ਪ੍ਰਗਟ ਕਰਨਗੇ ਅਤੇ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਤੇ ਨੇਵੀਗੇਸ਼ਨ ਦੀ ਆਜ਼ਾਦੀ ਦੇ ਪੱਖ 'ਚ ਸਾਰੇ ਦੇਸ਼ਾਂ ਵਿਚਾਲੇ ਮਜ਼ਬੂਤ ਸੰਪਰਕ ਅਤੇ ਸਹਿਯੋਗ 'ਤੇ ਜ਼ੋਰ ਦੇਣਗੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh