ISRO ਜਾਪਾਨ ਨਾਲ ਕਰੇਗਾ ਅਗਲੀ ਚੰਨ ਮੁਹਿੰਮ, ਦੱਖਣੀ ਧਰੁਵ ਤੋਂ ਲਿਆਏਗਾ ਸੈਂਪਲ

09/08/2019 1:34:54 PM

ਟੋਕੀਓ/ਨਵੀਂ ਦਿੱਲੀ (ਬਿਊਰੋ)— ਚੰਦਰਯਾਨ-2 ਦੀ 95 ਫੀਸਦੀ ਸਫਲਤਾ ਦੇ ਨਾਲ ਦੁਨੀਆ ਭਰ ਵਿਚ ਇਸਰੋ (ISRO) ਦੀ ਤਾਰੀਫ ਹੋ ਰਹੀ ਹੈ। ਅਮਰੀਕਾ ਤੋਂ ਲੈ ਕੇ ਰੂਸ ਅਤੇ ਇਜ਼ਰਾਈਲ ਤੱਕ ਨੇ ਭਾਰਤੀ ਵਿਗਿਆਨੀਆਂ ਦੀ ਸਮਰੱਥਾ ਅਤੇ ਯੋਗਤਾ ਦਾ ਲੋਹਾ ਮੰਨਿਆ ਹੈ। ਸਾਲ 2022 ਵਿਚ ਭਾਰਤ ਦੀ ਯੋਜਨਾ ਸਪੇਸ ਵਿਚ ਇਨਸਾਨੀ ਮਿਸ਼ਨ ਭੇਜਣ ਦੀ ਹੈ। ਉਸ ਮਗਰੋਂ 2024 ਵਿਚ ਇਸਰੋ ਚੰਦਰਯਾਨ-2 ਤੋਂ ਵੀ ਵੱਡਾ ਅਤੇ ਬਿਹਤਰ ਮਿਸ਼ਨ ਕਰਨਾ ਚਾਹੁੰਦਾ ਹੈ, ਜਿਸ ਲਈ ਜਾਪਾਨ ਦੀ ਪੁਲਾੜ ਏਜੰਸੀ ਨੇ ਨਾਲ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ।

ਹੁਣ ਜਾਪਾਨ ਵੀ ਇਸਰੋ ਨਾਲ ਅਗਲੀ ਚੰਨ ਮੁਹਿੰਮ ਵਿਚ ਕੰਮ ਕਰਨਾ ਚਾਹੁੰਦਾ ਹੈ। ਇਸ ਮਿਸ਼ਨ ਵਿਚ ਚੰਨ ਦੇ ਦੱਖਣੀ ਧਰੁਵ ਤੋਂ ਸੈਂਪਲ ਲਿਆਉਣ ਦੀ ਦਿਸ਼ਾ ਵਿਚ ਕੰਮ ਕੀਤਾ ਜਾਵੇਗਾ। ਚੰਨ ਦੇ ਧਰੁਵੀ ਖੇਤਰ ਵਿਚ ਸ਼ੋਧ ਦੇ ਇਸ ਮਿਸ਼ਨ ਵਿਚ ਇਸਰੋ ਦੇ ਨਾਲ ਜਾਪਾਨ ਦੀ ਪੁਲਾੜ ਏਜੰਸੀ ਜਾਪਾਨ ਏਅਰੋਸਪੇਸ ਐਕਸਪਲੋਰੇਸ਼ਨ ਏਜੰਸੀ (JAXA) ਕੰਮ ਕਰੇਗੀ। ਇਸਰੋ ਨੇ ਇਕ ਬਿਆਨ ਜਾਰੀ ਕੀਤਾ ਹੈ ਕਿ ਇਸਰੋ ਅਤੇ ਜਾਕਸਾ ਦੇ ਵਿਗਿਆਨੀ ਚੰਨ ਦੇ ਧਰੁਵੀ ਖੇਤਰ ਵਿਚ ਸ਼ੋਧ ਕਰਨ ਲਈ ਇਕ ਸੰਯੁਕਤ ਸੈਟੇਲਾਈਟ ਮਿਸ਼ਨ 'ਤੇ ਕੰਮ ਕਰਨ ਦੀ ਸੰਭਾਵਨਾ 'ਤੇ ਅਧਿਐਨ ਕਰ ਰਹੇ ਹਨ।

ਪਹਿਲੀ ਵਾਰ ਭਾਰਤ ਅਤੇ ਜਾਪਾਨ ਦੇ ਸੰਯੁਕਤ ਚੰਨ ਮਿਸ਼ਨ ਨੂੰ ਲੈ ਕੇ 2017 ਵਿਚ ਜਨਤਕ ਤੌਰ 'ਤੇ ਗੱਲਬਾਤ ਕੀਤੀ ਗਈ ਸੀ। ਇਹ ਗੱਲਬਾਤ ਮਲਟੀ ਸਪੇਸ ਏਜੰਸੀਆਂ ਦੀ ਬੇਂਗਲੁਰੂ ਵਿਚ ਹੋਈ ਬੈਠਕ ਦੌਰਾਨ ਹੋਈ ਸੀ। ਇਸ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ 2018 ਵਿਚ ਜਾਪਾਨ ਗਏ ਤਾਂ ਇਹ ਅੰਤਰਸਰਕਾਰੀ ਗੱਲਬਾਤ ਦਾ ਵੀ ਹਿੱਸਾ ਸੀ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਜਿੱਥੇ ਨਾਸਾ ਇਕ ਵਾਰ ਫਿਰ ਇਨਸਾਨ ਨੂੰ ਚੰਨ 'ਤੇ ਭੇਜਣ ਦੀ ਤਿਆਰੀ ਕਰ ਰਿਹਾ ਹੈ ਉੱਥੇ ਜਾਪਾਨ ਅਤੇ ਭਾਰਤ ਦਾ ਮਿਸ਼ਨ ਪੂਰੀ ਤਰ੍ਹਾਂ ਰੋਬੋਟਿਕ ਹੋਵੇਗਾ। ਇਹ ਚੰਨ 'ਤੇ ਬੇਸ ਬਣਾਉਣ ਦਾ ਗਰਾਊਂਡ ਵਰਕ ਹੋ ਸਕਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਹ ਗਲੋਬਲ ਸਪੇਸ ਏਜੰਸੀਆਂ ਦੇ ਸਹਿਯੋਗ ਨਾਲ ਹੋ ਸਕਦਾ ਹੈ।

ਜੇਕਰ ਵਿਕਰਮ ਲੈਂਡਰ ਨੇ ਸ਼ਨੀਵਾਰ ਨੂੰ ਸਫਲਤਾਪੂਰਵਕ ਚੰਨ ਦੀ ਸਤਹਿ 'ਤੇ ਸਾਫਟ ਲੈਂਡਿੰਗ ਦੇ ਟੀਚੇ ਨੂੰ ਹਾਸਲ ਕਰ ਲਿਆ ਹੁੰਦਾ ਤਾਂ ਅਜਿਹਾ ਕਰਨ ਵਾਲਾ ਭਾਰਤ ਦੁਨੀਆ ਦਾ ਚੌਥਾ ਦੇਸ਼ ਹੁੰਦਾ। ਇੱਥੇ ਦੱਸ ਦਈਏ ਕਿ ਹਾਲੇ ਤੱਕ ਜਾਪਾਨ ਵੀ ਇਸ ਤਰ੍ਹਾਂ ਦੀ ਕੋਈ ਕੋਸ਼ਿਸ਼ ਨਹੀਂ ਕਰ ਪਾਇਆ ਹੈ। ਫਿਰ ਵੀ ਇਸਰੋ ਦਾ ਇਹ ਮਿਸ਼ਨ 95 ਫੀਸਦੀ ਤੱਕ ਸਫਲ ਹੋਇਆ ਹੈ ਅਤੇ ਹਾਲੇ ਵੀ ਵਿਕਰਮ ਦੇ ਨਾਲ ਸੰਪਰਕ ਦੀਆਂ ਸਾਰੀਆਂ ਸੰਭਾਵਨਾਵਾਂ ਖਤਮ ਨਹੀਂ ਹੋਈਆਂ ਹਨ। ਅਗਲੇ 14 ਦਿਨਾਂ ਵਿਚ ਇਕ ਵਾਰ ਫਿਰ ਇਸਰੋ ਵਿਕਰਮ ਨਾਲ ਸੰਪਰਕ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦਾ ਰਹੇਗਾ। 

 

Vandana

This news is Content Editor Vandana