7 ਸਾਲ ਦੀ ''ਜੰਨਤ'' ਨੇ ਇਸ ਕੰਮ ਨਾਲ ਜਿੱਤਿਆ ਦੇਸ਼ ਦਾ ਦਿਲ, ਹਰ ਕੋਈ ਕਰ ਰਿਹੈ ਤਾਰੀਫ਼ (ਤਸਵੀਰਾਂ)

06/25/2020 12:20:30 PM

ਸ਼੍ਰੀਨਗਰ— ਜੰਮੂ-ਕਸ਼ਮੀਰ ਨੂੰ ਧਰਤੀ ਦਾ ਸਵਰਗ ਕਿਹਾ ਜਾਂਦਾ ਹੈ, ਇਸ ਖੂਬਸੂਰਤ ਥਾਂ ਦਾ ਦੀਦਾਰ ਹਰ ਕੋਈ ਕਰਨਾ ਚਾਹੇਗਾ। ਦੁਨੀਆ ਦੇ ਕੋਨੇ-ਕੋਨੇ 'ਚ ਬੈਠੇ ਲੱਖਾਂ ਦੀ ਗਿਣਤੀ ਵਿਚ ਸੈਲਾਨੀ ਹਰ ਸਾਲ ਕਸ਼ਮੀਰ ਦੀਆਂ ਖੂਬਸੂਰਤ ਵਾਦੀਆਂ ਨੂੰ ਦੇਖਣ ਲਈ ਆਉਂਦੇ ਹਨ। ਸ਼੍ਰੀਨਗਰ ਦੀ ਡਲ ਝੀਲ 'ਚ ਸੈਲਾਨੀ ਕਿਸ਼ਤੀ ਦੀ ਸਵਾਰੀ ਕਰਨਾ ਨਹੀਂ ਭੁੱਲਦੇ। ਸੈਲਾਨੀਆਂ ਅਤੇ ਹੋਰ ਕਾਰਨਾਂ ਕਰ ਕੇ ਇਹ ਝੀਲ ਗੰਦੀ ਹੋ ਗਈ ਸੀ। ਜਿਸ ਨੂੰ ਸਾਫ ਕਰਨ ਦਾ ਬੀੜਾ ਇਕ 7 ਸਾਲ ਦੀ ਬੱਚੀ ਨੇ ਚੁੱਕਿਆ। ਇਸ ਬੱਚੀ ਦਾ ਨਾਂ ਹੈ ਜੰਨਤ। ਝੀਲ ਨੂੰ ਸਾਫ ਕਰਨ ਲਈ ਬੱਚੀ 2 ਸਾਲ ਤੋਂ ਸਫਾਈ ਮੁਹਿੰਮ ਚਲਾ ਰਹੀ ਹੈ। ਜੰਨਤ ਦੀ ਇਸ ਮੁਹਿੰਮ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ। 

ਇਸ ਬੱਚੀ ਦੀ ਕਹਾਣੀ ਨੂੰ ਹੈਦਰਾਬਾਦ ਸਥਿਤ ਸਕੂਲ ਦੇ ਪਾਠਕ੍ਰਮ 'ਚ ਸ਼ਾਮਲ ਕੀਤਾ ਗਿਆ ਹੈ। ਇਸ ਵਿਚ ਜੰਨਤ ਦੇ ਸੰਘਰਸ਼ ਅਤੇ ਉਸ ਵਲੋਂ ਸਫਾਈ ਦੇ ਜਜ਼ਬੇ ਦੀ ਪੂਰੀ ਕਹਾਣੀ ਪ੍ਰਕਾਸ਼ਿਤ ਕੀਤੀ ਗਈ ਹੈ। ਪਾਠਕ੍ਰਮ ਵਿਚ ਆਪਣਾ ਨਾਂ ਪ੍ਰਕਾਸ਼ਿਤ ਹੋਣ 'ਤੇ ਜੰਨਤ ਬੇਹੱਦ ਖੁਸ਼ ਹੈ ਅਤੇ ਉਸ ਨੇ ਕਿਹਾ ਕਿ ਮੈਂ ਆਪਣੇ ਪਿਤਾ ਤੋਂ ਝੀਲ ਦੀ ਸਫਾਈ ਕਰਨ ਲਈ ਪ੍ਰੇਰਿਤ ਹੋਈ ਸੀ। ਮੈਨੂੰ ਅੱਜ ਜੋ ਪਛਾਣ ਅਤੇ ਤਾਰੀਫ਼ ਮਿਲ ਰਹੀ ਹੈ, ਉਹ ਮੇਰੇ ਬਾਬਾ ਕਾਰਨ ਹੀ ਮਿਲ ਰਹੀ ਹੈ। 

ਉੱਥੇ ਹੀ ਜੰਨਤ ਦੇ ਪਿਤਾ ਤਾਰਿਕ ਅਹਿਮਦ ਨੇ ਕਿਹਾ ਕਿ ਮੈਨੂੰ ਹੈਦਰਾਬਾਦ 'ਚ ਮੇਰੇ ਦੋਸਤ ਦਾ ਫੋਨ ਆਇਆ, ਜਿਸ ਨੇ ਕਿਹਾ ਕਿ ਮੇਰੀ ਧੀ ਦਾ ਨਾਂ ਸਕੂਲ ਦੀ ਪਾਠ ਪੁਸਤਕ ਵਿਚ ਸ਼ਾਮਲ ਕੀਤਾ ਗਿਆ ਹੈ। ਮੈਂ ਉਸ ਨੂੰ ਇਹ ਮੇਰੇ ਕੋਲ ਭੇਜਣ ਲਈ ਕਿਹਾ। ਇਹ ਮੇਰੇ ਲਈ ਮਾਣ ਦਾ ਪਲ ਸੀ। ਦੋ ਸਾਲ ਤੋਂ ਜੰਨਤ ਰੋਜ਼ਾਨਾ ਸਕੂਲ ਤੋਂ ਆ ਕੇ ਆਪਣੇ ਪਿਤਾ ਨਾਲ ਛੋਟੀ ਜਿਹੀ ਕਿਸ਼ਤੀ ਵਿਚ ਬੈਠ ਕੇ ਡਲ ਵਿਚ ਪਈ ਗੰਦਗੀ ਨੂੰ ਇਕੱਠਾ ਕਰ ਕੇ ਉਸ ਨੂੰ ਟਿਕਾਣੇ ਲਾਉਂਦੀ ਹੈ।

ਓਧਰ ਸੋਸ਼ਲ ਮੀਡੀਆ ਦੇ ਯੂਜ਼ਰਸ ਜੰਨਤ ਦੀ ਇਸ ਮੁਹਿੰਮ ਨਾਲ ਉਸ ਦੀ ਜੰਮ ਕੇ ਤਾਰੀਫ਼ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ਤੁਸੀਂ ਬਹੁਤ ਚੰਗਾ ਕੰਮ ਕੀਤਾ ਹੈ। ਉੱਥੇ ਹੀ ਇਕ ਹੋਰ ਯੂਜ਼ਰ ਨੇ ਲਿਖਿਆ ਕਿ ਡਲ ਝੀਲ ਦਾ ਨਾਂ ਬਦਲ ਕੇ ਇਸ ਬੱਚੀ ਦੇ ਨਾਂ 'ਤੇ ਜੰਨਤ ਹੋਣਾ ਚਾਹੀਦਾ ਹੈ।

ਕਈ ਲੋਕਾਂ ਨੇ ਲਿਖਿਆ ਕਿ ਬੱਚੀ ਨੇ ਮਹਿਜ 5 ਸਾਲ ਦੀ ਉਮਰ ਵਿਚ ਸਵੱਛਤਾ ਮੁਹਿੰਮ ਸ਼ੁਰੂ ਕਰ ਦਿੱਤੀ ਸੀ, ਜੋ ਕਿ ਕਾਬਿਲ-ਏ-ਤਾਰੀਫ਼ ਹੈ। ਅਸੀਂ ਵੀ ਇਸ ਬੱਚੀ 'ਤੇ ਮਾਣ ਕਰਦੇ ਹਾਂ, ਕਿਤਾਬਾਂ ਪੜ੍ਹਨ ਦੀ ਉਮਰ ਵਿਚ ਉਹ ਕਿਤਾਬ ਦਾ ਹਿੱਸਾ ਬਣੀ ਹੈ।

Tanu

This news is Content Editor Tanu