ਸੋਨੀਪਤ 'ਚ CM ਖੱਟੜ ਦੇ ਸਾਹਮਣੇ ਵਿਅਕਤੀ ਨੇ ਲਾਈ ਖੁਦ ਨੂੰ ਅੱਗ

08/26/2019 5:22:25 PM

ਸੋਨੀਪਤ—ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਸਾਹਮਣੇ ਅੱਜ ਭਾਵ ਸੋਮਵਾਰ ਨੂੰ ਸੋਨੀਪਤ ਦੇ ਪਿੰਡ ਰਾਠਧਨਾ 'ਚ ਰਾਜੇਸ਼ ਨਾਂ ਦੇ ਸ਼ਖਸ ਨੇ ਖੁਦ ਨੂੰ ਅੱਗ ਲਾ ਲਈ। ਹਾਦਸੇ ’ਚ ਉਸ ਤੋਂ ਇਲਾਵਾ ਲਾਗੇ ਖੜ੍ਹੇ ਤਿੰਨ ਹੋਰ ਲੋਕ ਵੀ ਝੁਲਸ ਗਏ। ਮਿਲੀ ਜਾਣਕਾਰੀ ਮੁਤਾਬਕ ਆਪਣੇ ਤੈਅ ਪ੍ਰੋਗਰਾਮ ਮੁਤਾਬਕ ਮੁੱਖ ਮੰਤਰੀ ਦੀ 'ਜਨ ਅਸ਼ੀਰਵਾਦ ਯਾਤਰਾ' ਅੱਜ ਸਵੇਰੇ ਲਗਭਗ 9.30 ਵਜੇ ਸੋਨੀਪਤ ਜ਼ਿਲੇ ਦੇ ਬਹਾਲਗੜ੍ਹ ਤੋਂ ਸ਼ੁਰੂ ਹੋ ਕੇ ਲਗਭਗ 11.30 ਵਜੇ ਖਰਕੌਦਾ ਵਿਧਾਨ ਸਭਾ ਦੇ ਪਿੰਡ ਰਾਠਧਨਾ ਪਹੁੰਚੀ, ਜਿੱਥੇ ਸੀ. ਐੱਮ. ਖੱਟੜ ਦਾ ਭਾਸ਼ਣ ਚੱਲ ਰਿਹਾ ਸੀ ਕਿ ਇਸ ਦੌਰਾਨ ਪਿੰਡ ਰਾਠਧਾਨਾ ਦਾ ਰਹਿਣ ਵਾਲੇ ਰਾਜੇਸ਼ ਨੇ ਮੁੱਖ ਮੰਤਰੀ ਦੇ ਰੱਥ ਸਾਹਮਣੇ ਆ ਕੇ ਆਪਣੇ ਆਪ ਨੂੰ ਅੱਗ ਲਗਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਭਾਜੜਾਂ ਪੈ ਗਈਆਂ। ਪੁਲਸ ਅਤੇ ਨੇੜੇ ਖੜ੍ਹੇ ਲੋਕਾਂ ਨੇ ਅੱਗ 'ਤੇ ਕਾਬੂ ਪਾਇਆ। 

ਜਾਂਚ 'ਚ ਇਹ ਵੀ ਪਤਾ ਲੱਗਿਆ ਹੈ ਕਿ ਰਾਜੇਸ਼ ਪਹਿਲਾਂ ਤੋਂ ਹੀ ਆਪਣੇ ਉਪਰ ਤੇਲ ਛਿੜਕ ਕੇ ਮੌਕੇ 'ਤੇ ਪਹੁੰਚਿਆ ਸੀ। ਹਾਦਸੇ 'ਚ ਰਾਜੇਸ਼ ਤੋਂ ਇਲਾਵਾ ਰਘੂਬੀਰ ਪਿੰਡ ਕੈਲਾਨਾ, ਚਾਂਦਰਾਮ ਪਿੰਡ ਬੇਗਾ ਅਤੇ ਇੱਕ ਹੋਰ ਨੌਜਵਾਨ ਮੁਕੇਸ਼ ਵੀ ਝੁਲਸ ਗਏ। ਜ਼ਖਮੀਆਂ ਨੂੰ ਤਰੁੰਤ ਸੋਨੀਪਤ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਰਾਜੇਸ਼ ਦੀ ਗੰਭੀਰ ਹਾਲਤ ਦੇਖਦੇ ਹੋਏ ਪੀ. ਜੀ. ਆਈ ਖਾਨਪੁਰ ਰੈਫਰ ਕਰ ਦਿੱਤਾ ਗਿਆ। ਰਾਜੇਸ਼ ਨੇ ਹਸਪਤਾਲ 'ਚ ਗੱਲਬਾਤ ਦੌਰਾਨ ਦੋਸ਼ ਲਗਾਇਆ ਹੈ ਕਿ ਮੁੱਖ ਮੰਤਰੀ ਨੇ ਉਸ ਦੇ 2 ਬੇਟਿਆਂ ਨੂੰ ਸਰਕਾਰੀ ਨੌਕਰੀ ਲਗਾਉਣ ਦੀ ਹਾਮੀ ਭਰੀ ਸੀ ਪਰ ਉਨ੍ਹਾਂ ਨੇ ਉਸ ਦਾ ਕੰਮ ਨਹੀਂ ਕੀਤਾ, ਜਿਸ ਕਾਰਨ ਉਹ ਕਾਫੀ ਨਿਰਾਸ਼ ਸੀ ਫਿਲਹਾਲ ਪੁਲਸ ਮਾਮਲੇ ਦੀ ਜਾਂਚ 'ਚ ਜੁੱਟੀ ਹੋਈ ਹੈ।

Iqbalkaur

This news is Content Editor Iqbalkaur