ਝਰਨੇ ਹੇਠ ਨਹਾ ਰਹੇ ਲੋਕਾਂ 'ਤੇ ਡਿੱਗੀ ਚੱਟਾਨ , 7 ਦੀ ਮੌਤ

07/16/2018 10:19:11 AM

ਜੰਮੂ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲੇ 'ਚ ਬਾਬਾ ਸਿਆਰਹ ਸੈਲਾਨੀ ਕੇਂਦਰ ਵਿਖੇ ਐਤਵਾਰ ਇਕ ਝਰਨੇ ਹੇਠ ਨਹਾ ਰਹੇ ਕੁਝ ਲੋਕਾਂ ਉਪਰ ਚੱਟਾਨ ਅਤੇ ਵੱਡੇ ਪੱਥਰ ਆ ਡਿੱਗੇ ਜਿਸ ਕਾਰਨ ਘੱਟੋ-ਘੱਟ 7 ਵਿਅਕਤੀ ਮਾਰੇ ਗਏ ਅਤੇ 23 ਹੋਰ ਜ਼ਖਮੀ ਹੋ ਗਏ।
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ 5 ਵਿਅਕਤੀਆਂ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੋ ਹੋਰਨਾਂ ਨੇ ਕਟੜਾ ਦੇ ਨਾਰਾਇਣਾ ਹਸਪਤਾਲ ਵਿਖੇ ਦਮ ਤੋੜ ਦਿੱਤਾ। ਅਧਿਕਾਰੀ ਨੇ ਕਿਹਾ ਕਿ ਅਸਲ 'ਚ ਉਕਤ ਚੱਟਾਨ ਦਾ ਡਿੱਗਣਾ ਰਾਕ ਸਲਾਈਡ ਨਹੀਂ ਸੀ। ਝਰਨੇ ਹੇਠਾਂ ਨਹਾ ਰਹੇ ਲੋਕਾਂ 'ਤੇ ਅਚਾਨਕ ਪਹਾੜ ਦਾ ਇਕ ਵੱਡਾ ਹਿੱਸਾ ਹੋਰਨਾਂ ਪੱਥਰਾਂ ਨਾਲ ਡਿੱਗਾ ਸੀ। ਜ਼ਖਮੀਆਂ ਨੂੰ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੋਂ ਕੁਝ ਨੂੰ ਨਾਰਾਇਣਾ ਹਸਪਤਾਲ ਕਟੜਾ ਵਿਖੇ ਰੈਫਰ ਕਰ ਦਿੱਤਾ ਗਿਆ। ਉੱਤਰ ਪ੍ਰਦੇਸ਼ ਦੇ ਉਕਤ ਸੈਲਾਨੀਆਂ ਸਮੇਤ ਕੁਝ ਹੋਰਨਾਂ ਜ਼ਖਮੀਆਂ ਨੂੰ ਰਿਆਸੀ ਦੇ ਜ਼ਿਲਾ ਹਸਪਤਾਲ 'ਚ ਵੀ ਦਾਖਲ ਕਰਵਾਇਆ ਗਿਆ ਹੈ। 
ਮ੍ਰਿਤਕਾਂ ਵਿਚੋਂ ਇਕ ਦੀ ਪਛਾਣ ਜੰਮੂ ਦੇ ਤਲਾਬ ਟਿੱਲੋ ਵਾਸੀ ਕਮਲ ਸ਼ਰਮਾ ਵਜੋਂ ਹੋਈ ਹੈ।
ਜ਼ਖਮੀਆਂ ਨੂੰ ਸਮੇਂ ਸਿਰ ਇਲਾਜ ਦੀ ਨਹੀਂ ਮਿਲੀ ਸਹੂਲਤ —
ਰਿਆਸੀ ਜ਼ਿਲੇ ਦੇ ਲੋਕਾਂ ਨੇ ਦੋਸ਼ ਲਾਇਆ ਕਿ ਸਿਹਤ ਵਿਭਾਗ ਨੇ ਸਮੇਂ 'ਤੇ ਜ਼ਖਮੀਆਂ ਨੂੰ ਇਲਾਜ ਦੀ ਸਹੂਲਤ ਪ੍ਰਦਾਨ ਨਹੀਂ ਕੀਤੀ। ਹਸਪਤਾਲ ਵਿਚ ਸਿਰਫ ਇਕ ਹੀ ਡਾਕਟਰ ਮੌਜੂਦ ਸੀ ਅਤੇ ਉਸ ਲਈ ਹਾਲਾਤ ਨੂੰ ਸੰਭਾਲਣਾ ਸੰਭਵ ਨਹੀਂ ਸੀ। ਉਨ੍ਹਾਂ ਰਾਜਪਾਲ ਦੀ ਅਗਵਾਈ ਵਾਲੀ ਸਰਕਾਰ ਕੋਲੋਂ ਘਟਨਾ ਦੀ ਜਾਂਚ ਕਰਵਾਉਣ ਅਤੇ ਗੈਰ-ਹਾਜ਼ਰ ਡਾਕਟਰਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ।