ਜੰਮੂ ਕਸ਼ਮੀਰ ਦੇ ਪੁੰਛ ''ਚ ਅੱਤਵਾਦੀਆਂ ਦੀ ਸਾਜਿਸ਼ ਅਸਫ਼ਲ, ਫ਼ੌਜ ਨੇ ਨਸ਼ਟ ਕੀਤੇ ਮੋਰਟਾਰ ਦੇ 5 ਗੋਲੇ

10/17/2020 4:58:06 PM

ਜੰਮੂ- ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਕੰਟਰੋਲ ਰੇਖਾ ਕੋਲ ਵੱਖ-ਵੱਖ ਪਿੰਡਾਂ 'ਚ ਪਾਕਿਸਤਾਨ ਵਲੋਂ ਦਾਗ਼ੇ ਗਏ 120 ਮਿਲੀਮੀਟਰ ਮੋਰਟਾਰ ਦੇ 5 ਗੋਲਿਆਂ ਨੂੰ ਫੌਜ ਨੇ ਸ਼ਨੀਵਾਰ ਨੂੰ ਨਸ਼ਟ ਕਰ ਦਿੱਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਗੋਲੇ ਬਲਨੋਈ ਸੈਕਟਰ ਦੇ ਵੱਖ-ਵੱਖ ਪਿੰਡਾਂ 'ਚ ਰਿਹਾਇਸ਼ੀ ਖੇਤਰਾਂ ਕੋਲ ਪਾਏ ਗਏ ਸਨ। ਪਿੰਡ ਵਾਸੀਆਂ ਵਲੋਂ ਸੂਚਨਾ ਦਿੱਤੇ ਜਾਣ ਤੋਂ ਬਾਅਦ ਮੋਰਟਾਰ ਦੇ ਗੋਲਿਆਂ ਨੂੰ ਬੰਬ ਵਿਰੋਧੀ ਦਸਤੇ ਨੇ ਜੰਗਲ 'ਚ ਲਿਜਾ ਕੇ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ। ਅਧਿਕਾਰੀਆਂ ਨੇ ਕਿਹਾ ਕਿ ਕਦੇ-ਕਦੇ ਗੋਲੇ ਫਟਦੇ ਨਹੀਂ ਹਨ ਅਤੇ ਸਥਾਨਕ ਲੋਕਾਂ ਵਲੋਂ ਸੂਚਨਾ ਦਿੱਤੇ ਜਾਣ ਤੋਂ ਬਾਅਦ ਫੌਜ ਦੇ ਮਾਹਰ ਇਨ੍ਹਾਂ ਨੂੰ ਦੂਰ ਲਿਜਾ ਕੇ ਨਸ਼ਟ ਕਰ ਦਿੰਦੇ ਹਨ।

ਉੱਥੇ ਹੀ ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੁਰੱਖਿਆ ਦਸਤਿਆਂ ਨੇ ਲਸ਼ਕਰ-ਏ-ਤੋਇਬਾ ਦੇ ਇਕ ਅੱਤਵਾਦੀ ਨੂੰ ਗ੍ਰਿਫ਼ਤਾਰ ਕਰ ਕੇ ਹਥਿਆਰ, ਵਿਸਫੋਟਕ ਅਤੇ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ। ਖੁਫੀਆ ਸੂਚਨਾ ਦੇ ਆਧਾਰ 'ਤੇ ਸੁਰੱਖਿਆ ਦਸਤਿਆਂ ਨੇ ਪੁਲਵਾਮਾ ਦੇ ਪੰਪੋਰ ਤੋਂ ਲਸ਼ਕਰ ਨੂੰ ਕਈ ਤਰ੍ਹਾਂ ਦੀ ਮਦਦ ਪਹੁੰਚਾਉਣ ਵਾਲੇ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ। ਉਸ ਦੀ ਪਛਾਣ ਪੰਪੋਰ ਦੇ ਜਾਫਰੋਨ ਵਾਸੀ ਐੱਚ. ਸ਼ਰੀਫ਼ ਰਾਥਰ ਦੇ ਰੂਪ 'ਚ ਹੋਈ ਹੈ। ਉਹ ਅੱਤਵਾਦੀ ਨੂੰ ਵਿਸਫੋਟਕ ਅਤੇ ਹਥਿਆਰ ਪਹੁੰਚਾਉਣ ਸਮੇਤ ਕਈ ਤਰ੍ਹਾਂ ਦੀ ਮਦਦ ਕਰਦਾ ਸੀ।


DIsha

Content Editor

Related News