ਜੰਮੂ-ਕਸ਼ਮੀਰ: ਕਠੂਆ 'ਚ ਅੱਜ ਖੁੱਲ੍ਹੇ ਸਕੂਲ ਅਤੇ ਦਫਤਰ

08/09/2019 3:10:06 PM

ਸ਼੍ਰੀਨਗਰ—ਜੰਮੂ ਅਤੇ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਕਠੂਆ ਅਤੇ ਸਾਂਬਾ ਜ਼ਿਲੇ 'ਚ ਹਾਲਾਤ ਸਾਧਾਰਨ ਨਜ਼ਰ ਆ ਰਹੇ ਹਨ। ਇਨ੍ਹਾਂ ਜ਼ਿਲਿਆ 'ਚ ਹਾਲਾਤਾਂ ਨੂੰ ਸਾਧਾਰਨ ਦੇਖਦਿਆਂ ਹੋਇਆ ਪ੍ਰਸ਼ਾਸਨ ਨੇ ਸਾਰੇ ਸਕੂਲ ਅਤੇ ਕਾਲਜਾਂ ਨੂੰ ਅੱਜ ਭਾਵ ਸ਼ੁੱਕਰਵਾਰ ਨੂੰ ਪਹਿਲਾਂ ਦੀ ਤਰ੍ਹਾਂ ਖੋਲ੍ਹਣ ਦਾ ਫੈਸਲਾ ਕੀਤਾ ਹੈ। ਸਾਰੀਆਂ ਸਿੱਖਿਆ ਸੰਸਥਾਵਾਂ ਅਤੇ ਦਫਤਰਾਂ 'ਚ ਪਹਿਲਾਂ ਦੀ ਤਰ੍ਹਾਂ ਕੰਮਕਾਜ ਸ਼ੁਰੂ ਹੋਇਆ ਹੈ। ਇਸ ਦੇ ਨਾਲ ਹੀ ਜੰਮੂ ਅਤੇ ਕਸ਼ਮੀਰ 'ਚ ਪ੍ਰਸ਼ਾਸਨ ਨੇ ਸਰਕਾਰੀ ਕਰਮਚਾਰੀਆਂ ਨੂੰ ਤਰੁੰਤ ਕੰਮ 'ਤੇ ਵਾਪਸ ਆਉਣ ਦਾ ਆਦੇਸ਼ ਦਿੱਤਾ ਸੀ। 

ਮੁੱਖ ਸਕੱਤਰ ਨੇ ਜੰਮੂ-ਕਸ਼ਮੀਰ ਵੱਲੋ ਜਾਰੀ ਕੀਤੇ ਆਦੇਸ਼ਾਂ 'ਚ ਕਿਹਾ ਸੀ ਕਿ ਸਾਰੇ ਸਰਕਾਰੀ ਕਰਮਚਾਰੀ ਜੋ ਡਿਵੀਜਨਲ ਪੱਧਰ ਅਤੇ ਜ਼ਿਲਾ ਪੱਧਰ 'ਤੇ ਕੰਮ ਕਰਦੇ ਹਨ ਤਰੁੰਤ ਆਪਣੀ ਡਿਊਟੀ 'ਤੇ ਵਾਪਸ ਪਰਤਣ।

ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਕਈ ਇਲਾਕਿਆਂ 'ਚ ਦੁਕਾਨਾਂ ਵੀ ਖੁੱਲ੍ਹਣ ਲੱਗੀਆਂ ਹਨ, ਜਿਸ ਤੋਂ ਬਾਅਦ ਖਰੀਦਦਾਰੀ ਲਈ ਲੋਕ ਘਰਾਂ ਤੋਂ ਬਾਹਰ ਨਿਕਲਣ ਲੱਗੇ ਹਨ। ਧਾਰਾ 370 ਹਟਾਏ ਜਾਣ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਬਾਜ਼ਾਰ ਅਤੇ ਦੁਕਾਨਾਂ ਬੰਦ ਸਨ, ਜਿਸ ਕਾਰਨ ਲੋਕਾਂ 'ਚ ਬਕਰੀਦ ਦੀ ਸ਼ਾਪਿੰਗ ਕਰਨ ਲਈ ਕਾਫੀ ਚਿੰਤਾ ਸੀ ਪਰ ਹੌਲੀ-ਹੌਲੀ ਹੁਣ ਹਾਲਾਤ ਸਾਧਾਰਨ ਹੋ ਰਹੇ ਹਨ ਅਤੇ ਦੁਕਾਨਾਂ ਖਾਲੀ ਹਨ ਪਰ ਮੋਬਾਇਲ ਅਤੇ ਇੰਟਰਨੈੱਟ ਸੇਵਾਵਾਂ ਹੁਣ ਵੀ ਬੰਦ ਹਨ।

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਰਾਤ ਨੂੰ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਨਵੀਂ ਵਿਵਸਥਾ ਤੋਂ ਫਾਇਦਾ ਹੋਵੇਗਾ ਅਤੇ ਇਸ ਦੇ ਨਾਲ ਹੀ ਨੌਕਰੀ ਅਤੇ ਵਿਕਾਸ ਦੇ ਨਵੇਂ ਮੌਕੇ ਮਿਲਣਗੇ। ਇਸ ਤੋਂ ਇਲਾਵਾ ਬਕਰੀਦ ਦਾ ਤਿਉਹਾਰ ਮਨਾਉਣ ਲਈ ਬਾਹਰੀ ਸੂਬਿਆਂ 'ਚ ਪੜ੍ਹਨ ਵਾਲੇ ਕਸ਼ਮੀਰੀ ਵਿਦਿਆਰਥੀਆਂ ਨੇ ਆਪਣੇ ਘਰਾਂ ਵੱਲ ਪਰਤਣਾ ਸ਼ੁਰੂ ਕਰ ਦਿੱਤਾ ਹੈ। ਈਦ ਨੂੰ ਧਿਆਨ 'ਚ ਰੱਖਦੇ ਹੋਏ ਸ਼੍ਰੀਨਗਰ ਦੇ ਜ਼ਿਲਾ ਅਧਿਕਾਰੀਆਂ ਸ਼ਾਹਿਦ ਚੌਧਰੀ ਨੇ ਕਿਹਾ ਹੈ ਕਿ ਬਾਹਰ ਰਹਿ ਰਹੇ ਜੰਮੂ-ਕਸ਼ਮੀਰ ਦੇ ਲੋਕਾਂ ਲਈ ਘਰ ਵਾਪਸੀ ਯਾਤਰਾ 'ਚ ਸਹਾਇਤਾ ਲਈ ਬੱਸਾਂ ਅਤੇ ਕੈਬ ਦੀ ਸਹੂਲਤ ਦਾ ਇੰਤਜ਼ਾਮ ਕੀਤਾ ਗਿਆ ਹੈ। ਇਸ ਦੇ ਨਾਲ ਹੀ ਈਦ 'ਤੇ ਘਰ ਆਉਣ-ਜਾਣ ਲਈ ਲੋਕਾਂ ਲਈ ਊਧਮਪੁਰ ਅਤੇ ਜੰਮੂ 'ਚ ਵਿਸ਼ੇਸ ਟ੍ਰੇਨ ਦਾ ਬੰਦੋਬਸਤ ਕੀਤਾ ਗਿਆ ਹੈ।

ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਸ਼੍ਰੀਨਗਰ 'ਚ ਹਾਲੇ ਵੀ ਹਾਲਾਤ ਤਣਾਅਪੂਰਨ ਹੈ। ਧਾਰਾ 370 ਦੇ ਖਤਮ ਹੋਣ ਦੇ 5 ਦਿਨਾਂ ਬਾਅਦ ਵੀ ਘਾਟੀ 'ਚ ਮੋਬਾਇਲ ਅਤੇ ਇੰਟਰਨੈੱਟ ਸਰਵਿਸ ਬੰਦ ਹੈ। ਲੋਕਾਂ ਨੂੰ ਰੋਜ਼ਾਨਾਂ ਦਾ ਸਾਮਾਨ ਖਰੀਦਣ ਲਈ ਬਾਜ਼ਾਰ 'ਚ ਜਾਣ ਦੀ ਆਗਿਆ ਹੈ। ਬਾਜ਼ਾਰ 'ਚ ਫਲ, ਸਬਜੀਆਂ, ਮੈਡੀਕਲ ਦੀਆਂ ਦੁਕਾਨਾਂ ਖੁੱਲ੍ਹੀਆਂ ਹਨ।

Iqbalkaur

This news is Content Editor Iqbalkaur