ਅਰਨੀਆ ਸੈਕਟਰ ’ਚ ਵੰਡੀ ਗਈ ‘701ਵੇਂ ਟਰੱਕ ਦੀ ਰਾਹਤ ਸਮੱਗਰੀ’

03/01/2023 3:30:41 PM

ਜੰਮੂ-ਕਸ਼ਮੀਰ/ਜਲੰਧਰ (ਵਰਿੰਦਰ ਸ਼ਰਮਾ)- ਪਾਕਿਸਤਾਨ ਦੀਆਂ ਭਾਰਤ ਵਿਰੋਧੀ ਹਰਕਤਾਂ ਕਾਰਨ ਭਾਰਤ-ਪਾਕਿ ਸਰਹੱਦ ’ਤੇ ਹਾਲਾਤ ਸੁਧਰ ਨਹੀਂ ਰਹੇ। ਹੁਣ ਡਰੋਨ ਰਾਹੀਂ ਹਥਿਆਰ, ਡਰੱਗਜ਼ ਤੇ ਫੇਕ ਕਰੰਸੀ ਭੇਜ ਕੇ ਪਾਕਿਸਤਾਨ ਜਿੱਥੇ ਦੇਸ਼ ਦੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾ ਰਿਹਾ ਹੈ, ਉੱਥੇ ਹੀ ਸਰਹੱਦੀ ਪਿੰਡਾਂ ਦੇ ਭਾਰਤੀਆਂ ਲਈ ਵੀ ਤਰ੍ਹਾਂ-ਤਰ੍ਹਾਂ ਦੀਆਂ ਮੁਸ਼ਕਲਾਂ ਪੈਦਾ ਕਰ ਰਿਹਾ ਹੈ। ਇਸ ਸਭ ਦੇ ਬਾਵਜੂਦ ਸਰਹੱਦ ’ਤੇ ਵਸੇ ਬਹਾਦਰ ਭਾਰਤੀ ਬੀ. ਐੱਸ. ਐੱਫ਼. ਦੀ ਮਦਦ ਕਰਦੇ ਹੋਏ ਦੇਸ਼ ਦੀ ਸੇਵਾ ਕਰ ਰਹੇ ਹਨ। ਜਿਸ ਤਰ੍ਹਾਂ ਦੀ ਵੀ ਪਾਕਿਸਤਾਨ ਵੱਲੋਂ ਕੋਈ ਹਲਚਲ ਹੁੰਦੀ ਹੈ ਜਾਂ ਕੋਈ ਆਵਾਜ਼ ਸੁਣਾਈ ਦਿੰਦੀ ਹੈ ਤਾਂ ਇਹੀ ਸੁਰੱਖਿਆ ਏਜੰਸੀਆਂ ਨੂੰ ਸੂਚਨਾ ਦਿੰਦੇ ਹਨ। ਬੇਰੋਜ਼ਗਾਰੀ, ਗਰੀਬੀ ਤੇ ਅੱਤਵਾਦ ਵਰਗੀਆਂ ਅਨੇਕਾਂ ਮੁਸ਼ਕਲਾਂ ਦੇ ਬਾਵਜੂਦ ਇਹ ਲੋਕ ਬਹਾਦਰੀ ਨਾਲ ਸਰਹੱਦ ’ਤੇ ਡਟੇ ਹੋਏ ਹਨ। ਹਰ ਭਾਰਤੀ ਦੀ ਜ਼ਿੰਮੇਵਾਰੀ ਹੈ ਕਿ ਉਹ ਇਨ੍ਹਾਂ ਲੋਕਾਂ ਦੀ ਮਦਦ ਕਰੇ। ਇਸੇ ਲਈ ਪੰਜਾਬ ਕੇਸਰੀ ਵੱਲੋਂ ਉਨ੍ਹਾਂ ਦੀ ਮਦਦ ਲਈ ‘ਸਹਾਇਤਾ ਮੁਹਿੰਮ’ ਚਲਾਈ ਜਾ ਰਹੀ ਹੈ।

ਇਹ ਵੀ ਪੜ੍ਹੋ : 2 ਰੁਪਏ ਕਿਲੋ ਕਣਕ ਲੈਣ ਵਾਲਿਆਂ ਨੂੰ ਵੱਡੀ ਪਰੇਸ਼ਾਨੀ, ਈ-ਪਾਸ ਮਸ਼ੀਨਾਂ ਬਣੀਆਂ ਸਿਰਦਰਦ

ਇਸੇ ਸਿਲਸਿਲੇ ’ਚ ਬੀਤੇ ਦਿਨੀਂ 701ਵੇਂ ਟਰੱਕ ਦੀ ਰਾਹਤ ਸਮੱਗਰੀ ਭਾਰਤ-ਪਾਕਿ ਸਰਹੱਦ (ਜੰਮੂ-ਕਸ਼ਮੀਰ) ਦੇ ਲੋੜਵੰਦ ਲੋਕਾਂ ਨੂੰ ਅਰਨੀਆ ਸੈਕਟਰ ’ਚ ਬੀ. ਐੱਸ. ਐੱਫ਼. ਦੀ ਇਕ ਚੌਕੀ ’ਚ ਵੰਡੀ ਗਈ। ਇਹ ਸਮੱਗਰੀ ਬਾਬਾ ਕੁੰਦਨ ਸਿੰਘ (ਨਾਨਕਸਰ ਕਲੇਰਾਂ ਵਾਲੇ) ਦੀ ਯਾਦ ’ਚ ਭਗਵਾਨ ਮਹਾਵੀਰ ਸੇਵਾ ਸੰਸਥਾਨ ਲੁਧਿਆਣਾ ਵੱਲੋਂ ਭਿਜਵਾਈ ਗਈ ਸੀ। ਇਸ ਵਿਚ 300 ਲੋੜਵੰਦ ਪਰਿਵਾਰਾਂ ਲਈ ਟਰੈਕ ਸੂਟ ਤੇ ਹੋਰ ਕੱਪੜੇ ਸਨ। ਮੁੱਖ ਮਹਿਮਾਨ ਮੁਹੰਮਦ ਯੂਸੁਫ ਸੂਫੀ (ਸਾਬਕਾ ਐੱਮ. ਐੱਲ. ਸੀ.) ਨੇ ਕਿਹਾ ਕਿ ਭਗਵਾਨ ਮਹਾਵੀਰ ਸੇਵਾ ਸੰਸਥਾਨ ਹਮੇਸ਼ਾ ਸੇਵਾ ਕਾਰਜਾਂ ’ਚ ਅੱਗੇ ਰਿਹਾ ਹੈ ਅਤੇ ਭਵਿੱਖ ’ਚ ਵੀ ਰਹੇਗਾ। ਸੰਸਥਾਨ ਦੇ ਪ੍ਰਧਾਨ ਰਾਕੇਸ਼ ਜੈਨ ਨੇ ਕਿਹਾ ਕਿ ਸਰਹੱਦ ’ਤੇ ਰਹਿ ਰਹੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅਜਿਹੀ ਸਥਿਤੀ ’ਚ ਪੰਜਾਬ ਕੇਸਰੀ ਗਰੁੱਪ ਵੱਲੋਂ ਮਦਦ ਲਈ ਅੱਗੇ ਆਉਣਾ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਬੀ. ਐੱਸ. ਐੱਫ਼. ਦੇ ਸੀ. ਓ. ਸ਼ੇਰ ਸਿੰਘ ਅਤੇ ਵਰਿੰਦਰ ਸ਼ਰਮਾ ਯੋਗੀ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਲੋੜਵੰਦ ਲੋਕਾਂ ਨੂੰ ਰਾਹਤ ਸਮੱਗਰੀ ਭੇਟ ਕਰਦੇ ਯੂਸੁਫ ਸੂਫੀ, ਸੀ. ਓ. ਸ਼ੇਰ ਸਿੰਘ, ਰਾਕੇਸ਼ ਜੈਨ, ਰਾਜੇਸ਼ ਜੈਨ, ਰਮਾ ਜੈਨ, ਰਿੱਧੀ ਜੈਨ, ਰਾਹਤ ਵੰਡ ਟੀਮ ਦੇ ਇੰਚਾਰਜ ਯੋਗ ਗੁਰੂ ਵਰਿੰਦਰ ਸ਼ਰਮਾ ਅਤੇ ਹੋਰ ਹਾਜ਼ਰ ਸਨ। 

ਇਹ ਵੀ ਪੜ੍ਹੋ : ਡਰੱਗ ਸਮੱਗਲਰਾਂ ਖ਼ਿਲਾਫ਼ ਪੰਜਾਬ ਪੁਲਸ ਦਾ ਵੱਡਾ ਐਕਸ਼ਨ, ਚੁੱਕਣ ਜਾ ਰਹੀ ਹੈ ਇਹ ਕਦਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

shivani attri

This news is Content Editor shivani attri