2.65 ਕਰੋੜ ਨੂੰ ਪੁੱਜੇ ਹਿਰਾਸਤ ''ਚ ਰੱਖੇ ਕਸ਼ਮੀਰੀ ਨੇਤਾਵਾਂ ਦੇ ਹੋਟਲ ਖਰਚੇ

11/05/2019 5:54:59 PM

ਸ਼੍ਰੀਨਗਰ— ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਸੰਬੰਧੀ ਧਾਰਾ-370 ਅਤੇ 35ਏ ਨੂੰ ਖਤਮ ਕਰਨ ਦੇ 5 ਅਗਸਤ ਦੇ ਫੈਸਲੇ ਦੇ ਬਾਅਦ ਤੋਂ ਕਾਨੂੰਨ ਵਿਵਸਥਾ ਬਣਾਏ ਰੱਖਣ ਦੇ ਨਾਂ 'ਤੇ ਹਿਰਾਸਤ 'ਚ ਲਏ ਗਏ ਕਈ ਸਾਬਕਾ ਮੰਤਰੀਆਂ ਅਤੇ ਵਿਧਾਇਕਾਂ ਸਮੇਤ ਵੱਖ-ਵੱਖ ਦਲਾਂ ਦੇ ਨੇਤਾਵਾਂ ਨੂੰ ਠਹਿਰਾਉਣ ਦੇ ਨਾਂ 'ਤੇ ਤਿੰਨ ਮਹੀਨੇ 'ਚ ਹੋਟਲ ਦਾ ਬਿੱਲ 2.65 ਕਰੋੜ ਰੁਪਏ ਪੁੱਜਿਆ, ਉਦੋਂ ਅਧਿਕਾਰੀਆਂ ਦੇ ਹੋਸ਼ ਟਿਕਾਣੇ ਲੱਗੇ। ਨੈਸ਼ਨਲ ਕਾਨਫਰੰਸ, ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਅਤੇ ਪੀਪਲਜ਼ ਕਾਨਫਰੰਸ ਸਮੇਤ ਵੱਖ-ਵੱਖ ਸਿਆਸੀ ਦਲਾਂ ਦੇ 31 ਨੇਤਾਵਾਂ ਨੂੰ ਭਾਰਤੀ ਸੈਰ-ਸਪਾਟਾ ਨਿਗਮ ਦੇ ਸੇਂਟਾਰ ਹੋਟਲ 'ਚ ਪਿਛਲੇ ਤਿੰਨ ਮਹੀਨੇ ਤੋਂ ਹਿਰਾਸਤ 'ਚ ਰੱਖਿਆ ਗਿਆ ਹੈ।
 

ਤਾਪਮਾਨ ਜ਼ੀਰੋ ਤੋਂ ਕਈ ਡਿਗਰੀ ਹੇਠਾਂ ਗਿਆ
ਹੋਟਲ ਦਾ ਬਿੱਲ ਜਦੋਂ ਢਾਈ ਕਰੋੜ ਦੇ ਪਾਰ ਗਿਆ ਤਾਂ ਆਲੋਚਨਾਵਾਂ ਸ਼ੁਰੂ ਹੋ ਗਈਆਂ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਇਨ੍ਹਾਂ ਸਿਆਸੀ ਬੰਦੀਆਂ ਨੂੰ ਵਿਕਲਪਿਕ ਸਥਾਨ 'ਤੇ ਭੇਜਣ ਦਾ ਇੰਤਜ਼ਾਮ ਸ਼ੁਰੂ ਕੀਤਾ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਅਧਿਕਾਰੀ ਹੋਟਲ ਤੋਂ ਹਟਾਏ ਗਏ ਸਿਆਸੀ ਨੇਤਾਵਾਂ ਨੂੰ ਵਿਸ਼ਵ ਪ੍ਰਸਿੱਧ ਡਲ ਝੀਲ ਦੇ ਕਿਨਾਰੇ ਟਰਾਂਸਫਰ ਕਰ ਲਈ ਵਿਕਲਪਿਕ ਸਥਾਨਾਂ ਦੀ ਤਲਾਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ,''ਹੋਟਲ 'ਚ ਸਰਦੀ ਤੋਂ ਬਚਣ ਦੀ ਉੱਚਿਤ ਵਿਵਸਥਾ ਨਹੀਂ ਹੈ ਅਤੇ ਸਰਦੀਆਂ ਦੌਰਾਨ ਨੇਤਾਵਾਂ ਨੂੰ ਇਸ 'ਚ ਰੱਖਣਾ ਮੁਸ਼ਕਲ ਹੋਵੇਗਾ, ਖਾਸ ਕਰ ਕੇ ਜਦੋਂ ਤਾਪਮਾਨ ਜ਼ੀਰੋ ਤੋਂ ਕਈ ਡਿਗਰੀ ਹੇਠਾਂ ਚੱਲਾ ਜਾਵੇਗਾ।''
 

2.65 ਕਰੋੜ ਰੁਪਏ ਬਿੱਲ ਫੜਾਇਆ
ਉਨ੍ਹਾਂ ਨੇ ਕਿਹਾ ਕਿ ਹੋਟਲ ਨਾਲ ਲੱਗਦੇ ਐੱਸ.ਕੇ. ਕੌਮਾਂਤਰੀ ਸੰਮੇਲਨ ਕੇਂਦਰ 'ਚ ਵੀ ਅਧਿਕਾਰੀ ਕਿਸੇ ਤਰ੍ਹਾਂ ਦਾ ਇੰਤਜ਼ਾਮ ਕਰਨ 'ਚ ਅਸਮਰੱਥ ਰਹੇ। ਹੋਟਲ ਨੂੰ ਉੱਪ-ਜੇਲ 'ਚ ਬਦਲ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਕਿਹਾ ਕਿ ਹੋਟਲ ਵਲੋਂ ਪੇਸ਼ ਕੀਤਾ ਗਿਆ ਬਿੱਲ ਵੀ ਚਿੰਤਾ ਦਾ ਕਾਰਨ ਹੈ। ਉਨ੍ਹਾਂ ਨੇ ਕਿਹਾ,''ਹੋਟਲ ਦੇ ਤਿੰਨ ਮਹੀਨਿਆਂ ਲਈ ਇਨ੍ਹਾਂ ਬੰਦੀਆਂ ਨੂੰ ਰੱਖਣ ਲਈ ਗ੍ਰਹਿ ਵਿਭਾਗ ਨੂੰ 2.65 ਕਰੋੜ ਰੁਪਏ ਦਾ ਬਿੱਲ ਫੜਾਇਆ ਹੈ।'' ਉਨ੍ਹਾਂ ਨੇ ਕਿਹਾ ਕਿ ਹੋਟਲ ਦਾ ਭੁਗਤਾਨ ਸਰਕਾਰੀ ਦਰਾਂ ਅਨੁਸਾਰ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ,''ਸਰਕਾਰ ਨੂੰ ਪ੍ਰਤੀ ਬੰਦੀ 6 ਹਜ਼ਾਰ ਰੁਪਏ ਤੋਂ 8 ਹਜ਼ਾਰ ਰੁਪਏ ਦੇ ਨੇੜੇ-ਤੇੜੇ ਦਾ ਬਿੱਲ ਦਿੱਤਾ ਜਾ ਰਿਹਾ ਸੀ ਪਰ ਸਿਰਫ਼ 800 ਰੁਪਏ ਹੀ ਮਨਜ਼ੂਰ ਕੀਤੇ ਜਾਣਗੇ।''
 

ਇਕ ਟੁੱਕੜਾ ਮਿਲਦਾ ਹੈ ਚਿਕਨ
ਉਨ੍ਹਾਂ ਨੇ ਕਿਹਾ ਕਿ 2 ਨੇਤਾਵਾਂ ਨੂੰ ਇਕ ਕਮਰੇ 'ਚ ਰੱਖਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਸ਼ਾਕਾਹਾਰੀ ਭੋਜਨ ਪਰੋਸਿਆ ਜਾਂਦਾ ਹੈ। ਹਫ਼ਤੇ 'ਚ ਸਿਰਫ਼ ਇਕ ਵਾਰ ਚਿਕਨ ਦਾ ਇਕ ਟੁੱਕੜਾ ਮਿਲਦਾ ਹੈ। ਸੂਤਰਾਂ ਨੇ ਕਿਹਾ ਕਿ ਅਧਿਕਾਰੀਆਂ ਦੀਆਂ ਨੇਤਾਵਾਂ ਨੂੰ ਵਿਧਾਇਕ ਹੋਸਟਲ 'ਚ ਟਰਾਂਸਫਰ ਕਰਨ ਦੀ ਯੋਜਨਾ ਸੀ ਪਰ ਇਹ ਪਹਿਲਾਂ ਤੋਂ ਹੀ ਕੁਝ ਸਰਪੰਚਾਂ ਅਤੇ ਕੌਂਸਲਰ ਦੇ ਕਬਜ਼ੇ 'ਚ ਹਨ। ਉਨ੍ਹਾਂ ਨੇ ਕਿਹਾ,''ਅਧਿਕਾਰੀ ਵੱਖ-ਵੱਖ ਹੋਟਲਾਂ ਨਾਲ ਗੱਲਬਾਤ ਕਰ ਰਹੇ ਹਨ, ਖਾਸ ਕਰ ਕੇ ਸ਼੍ਰੀਨਗਰ ਦੇ ਛਾਉਣੀ ਖੇਤਰ 'ਚ।''
 

ਅਗਸਤ ਤੋਂ ਨਜ਼ਰਬੰਦ ਹਨ ਸੀਨੀਅਰ ਨੇਤਾ
ਅਗਸਤ ਤੋਂ ਨਜ਼ਰਬੰਦ ਰਹਿਣ ਵਾਲੇ ਨੇਤਾਵਾਂ 'ਚ ਨੈਸ਼ਨਲ ਕਾਨਫਰੰਸ (ਨੇਕਾਂ) ਦੇ ਸੀਨੀਅਰ ਨੇਤਾ ਅਲੀ ਮੁਹੰਮਦ ਸਾਗਰ, ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੇ ਸੀਨੀਅਰ ਨੇਤਾ ਅਤੇ ਪਿਛਲੀ ਪੀ.ਡੀ.ਪੀ.-ਭਾਜਪਾ ਸਰਕਾਰ 'ਚ ਬੁਲਾਰੇ ਨਈਮ ਅਖਤਰ, ਪੀਪਲਜ਼ ਕਾਨਫਰੰਸ ਦੇ ਚੇਅਰਮੈਨ ਸੱਜਾਦ ਲੋਨ ਅਤੇ ਆਈ.ਏ.ਐੱਸ. ਅਧਿਕਾਰੀ ਤੋਂ ਨੇਤਾ ਬਣੇ ਸ਼ਾਹ ਫੈਸਲ ਸ਼ਾਮਲ ਹਨ। ਤਿੰਨ ਸਾਬਕਾ ਮੁੱਖ ਮੰਤਰੀਆਂ- ਫਾਰੂਕ ਅਬਦੁੱਲਾ, ਉਨ੍ਹਾਂ ਦੇ ਬੇਟੇ ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਨੂੰ ਵੀ ਪਿਛਲੇ ਤਿੰਨ ਮਹੀਨਿਆਂ ਤੋਂ ਹਿਰਾਸਤ 'ਚ ਰੱਖਿਆ ਗਿਆ ਹੈ। ਡਾ. ਅਬਦੁੱਲਾ ਨੂੰ ਉਨ੍ਹਾਂ ਦੇ ਗੁਪਕਾਰ ਨਿਵਾਸ 'ਤੇ ਹਿਰਾਸਤ 'ਚ ਲਿਆ ਗਿਆ ਹੈ, ਜਦੋਂ ਕਿ ਸਾਬਕਾ ਉਮਰ ਅਤੇ ਮਹਿਬੂਬਾ ਸ਼੍ਰੀਨਗਰ 'ਚ ਸਰਕਾਰੀ ਗੈਸਟ ਹਾਊਸ 'ਚ ਰੁਕੇ ਹੋਏ ਹਨ। ਸੂਤਰਾਂ ਨੇ ਕਿਹਾ ਕਿ ਅਧਿਕਾਰੀ ਸਰਦੀਆਂ ਦੌਰਾਨ ਤਿੰਨਾਂ ਨੂੰ ਜੰਮੂ ਤੋਂ ਟਰਾਂਸਫਰ ਕਰਨ ਦੀ ਯੋਜਨਾ ਬਣਾ ਰਹੇ ਹਨ। ਦੱਸਣਯੋਗ ਹੈ ਕਿ ਕੇਂਦਰ ਨੇ 5 ਅਗਸਤ ਨੂੰ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜ ਖਤਮ ਕਰ ਕੇ ਇਸ ਨੂੰ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਵੰਡ ਦਿੱਤਾ ਸੀ। ਇਸ ਦੇ ਬਾਅਦ ਤੋਂ ਹੀ ਘਾਟੀ ਦੇ ਜ਼ਿਆਦਾਤਰ ਨੇਤਾ ਜਾਂ ਤਾਂ ਹਿਰਾਸਤ 'ਚ ਹਨ ਜਾਂ ਫਿਰ ਆਪਣੇ ਘਰਾਂ 'ਚ ਨਜ਼ਰਬੰਦ ਹਨ।

DIsha

This news is Content Editor DIsha